ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਜੁਲਾਈ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ ਟਰੈਕਟਰਾਂ ਸਮੇਤ ਮੁੜ ਦਿੱਲੀ ਦੀਆਂ ਹੱਦਾਂ ਵੱਲ ਰੁਖ਼ ਕੀਤਾ ਹੈ। ਅੱਜ ਦਿੱਲੀ ਦੇ ਗਾਜ਼ੀਪੁਰ ਬਾਰਡਰ ’ਤੇ ਪੀਲੀਭੀਤ ਤੋਂ ਅਤੇ ਸ਼ਾਹਜਹਾਂਪੁਰ (ਰਾਜਸਥਾਨ) ਮੋਰਚੇ ਵਿੱਚ ‘ਬਵਾਲ ਚੌਰਾਸੀ’ ਦੇ ਪਿੰਡਾਂ ਤੋਂ ਕਿਸਾਨ ਪੁੱਜੇ। ਸ਼ਾਹਜਹਾਂਪੁਰ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਯੋਗੇਂਦਰ ਯਾਦਵ ਨੇ ਫੁੱਲਾਂ ਦੀ ਵਰਖਾ ਕਰ ਕੇ ਕਿਸਾਨਾਂ ਦਾ ਸਵਾਗਤ ਕੀਤਾ। ਕਿਸਾਨਾਂ ਨੇ ‘ਕਾਲੇ ਕਾਨੂੰਨ ਵਾਪਸ ਲਓ’, ਮੋਦੀ ਸਰਕਾਰ ਹੋਸ਼ ਵਿੱਚ ਆਓ, ਕਿਸਾਨਾਂ ਨਾਲ ਨਾ ਟਕਰਾਓ’ ਦੇ ਨਾਅਰੇ ਲਾਏ। ਸ੍ਰੀ ਯਾਦਵ ਨੇ ਕਿਸਾਨਾਂ ਦਾ ਹੌਸਲਾ ਵਧਾਇਆ। ਅੰਮ੍ਰਿਤਸਰ ਤੋਂ ਵੀ ਕਿਸਾਨਾਂ ਦਾ ਇੱਕ ਵੱਡਾ ਜਥਾ ਸਿੰਘੂ ਹੱਦ ’ਤੇ ਪੁੱਜਾ, ਜਿਸ ਦਾ ਕੇਐੱਮਪੀ ਚੌਕ ’ਚ ਸਵਾਗਤ ਕੀਤਾ ਗਿਆ।