ਨਵੀਂ ਦਿੱਲੀ: ਭਾਰਤ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਹੋ ਰਿਹਾ ਵਾਧਾ ਰੋਕਣ ਲਈ ਕਈ ਸੂਬਿਆਂ ਨੇ ਵੱਖ-ਵੱਖ ਸਮੇਂ ਲਈ ਤਾਲਾਬੰਦੀ ਐਲਾਨੀ ਹੈ। ਦਰਜਨ ਤੋਂ ਵੱਧ ਸੂਬਿਆਂ ਨੇ ਹਫ਼ਤੇ ਦੇ ਆਖਰੀ ਦਿਨਾਂ ਦੌਰਾਨ ਤਾਲਾਬੰਦੀ ਕਰਦਿਆਂ ਲਾਗ ਫੈਲਣ ਤੋਂ ਰੋਕਣ ਦੇ ਨਾਲ-ਨਾਲ ਆਰਥਿਕ ਗਤੀਵਿਧੀਆਂ ਮੁੜ ਸ਼ੁਰੂ ਕਰਨ ਦੀ ਲੋੜ ਵੀ ਦੱਸੀ ਹੈ। ਬਿਹਾਰ ਅਤੇ ਮਨੀਪੁਰ ਨੇ ਕ੍ਰਮਵਾਰ 16 ਜੁਲਾਈ ਅਤੇ 23 ਜੁਲਾਈ ਤੋਂ ਸੂਬਾ ਪੱਧਰੀ ਤਾਲਾਬੰਦੀ ਐਲਾਨੀ ਹੈ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ 10 ਦਿਨਾਂ ਦੀ ਤਾਲਾਬੰਦੀ ਲਾਈ ਗਈ ਹੈ ਜਦਕਿ ਸੂਬਾ ਐਤਵਾਰ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ। ਤਾਮਿਲਨਾਡੂ ਦੇ ਕੋਇੰਬਟੂਰ ’ਚ ਸੋਮਵਾਰ ਸਵੇਰ ਤੱਕ ਪੂਰਨ ਤਾਲਾਬੰਦੀ ਕੀਤੀ ਗਈ ਹੈ। ਊਤਰ ਪ੍ਰਦੇਸ਼ ’ਚ ਵੀ ਹਫ਼ਤੇ ਦੇ ਅਖੀਰ ’ਤੇ ਤਾਲਾਬੰਦੀ ਰਹੇਗੀ। ਪੱਛਮੀ ਬੰਗਾਲ ਵਿੱਚ ਹਫ਼ਤੇ ’ਚ ਦੋ ਦਿਨ ਤਾਲਾਬੰਦੀ ਦੌਰਾਨ ਸਾਰੀਆਂ ਦੁਕਾਨਾਂ ਅਤੇ ਆਵਾਜਾਈ ਬੰਦ ਰੱਖੀ ਜਾ ਰਹੀ ਹੈ। ਜੰਮੂ ’ਚ 60 ਘੰਟਿਆਂ ਦੀ ਤਾਲਾਬੰਦੀ ਅਤੇ ਕਸ਼ਮੀਰ ’ਚ ਛੇ ਦਿਨਾਂ ਲਈ ਪੂਰਨ ਤਾਲਾਬੰਦੀ ਰਹੇਗੀ। ਮਹਾਰਾਸ਼ਟਰ ਦੇ ਨਾਗਪੁਰ ’ਚ ਸ਼ਨਿਚਰਵਾਰ ਅਤੇ ਐਤਵਾਰ ਦੇ ‘ਜਨਤਾ ਕਰਫਿਊ’ ਦਾ ਐਲਾਨ ਕੀਤਾ ਗਿਆ ਹੈ। -ਪੀਟੀਆਈ