ਨਵੀਂ ਦਿੱਲੀ: ਸੀਰਮ ਇੰਸਟੀਚਿਊਟ ਨੇ ਕੋਵਿਡ ਟੀਕਾਕਰਨ ਮੁਹਿੰਮ ਬਾਰੇ ਆਪਣੇ ਕਾਰਜਕਾਰੀ ਨਿਰਦੇਸ਼ਕ ਸੁਰੇਸ਼ ਜਾਧਵ ਵੱਲੋਂ ਦਿੱਤੇ ਗਏ ਬਿਆਨ ਤੋਂ ਖੁਦ ਨੂੰ ਵੱਖ ਕਰ ਲਿਆ ਹੈ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਸਰਕਾਰ ਨੇ ਉਪਲੱਬਧ ਭੰਡਾਰ ’ਤੇ ਵਿਚਾਰ ਕੀਤੇ ਬਿਨਾਂ ਵੱਖ ਵੱਖ ਉਮਰ ਵਰਗ ਦੇ ਲੋਕਾਂ ਲਈ ਕੋਵਿਡ ਟੀਕਾਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਸੀਰਮ ਇੰਸਟੀਚਿਊਟ ਨੇ ਕਿਹਾ ਕਿ ਇਹ ਕੰਪਨੀ ਦਾ ਵਿਚਾਰ ਨਹੀਂ ਹੈ। ਕੇਂਦਰ ਸਿਹਤ ਮੰਤਰਾਲੇ ਨੂੰ 22 ਮਈ ਨੂੰ ਲਿਖੀ ਚਿੱਠੀ ’ਚ ਪੁਣੇ ਸਥਿਤ ਸੀਰਮ ਇੰਸਟੀਚਿਊਟ’ਚ ਸਰਕਾਰ ਅਤੇ ਰੈਗੂਲੇਟਰ ਮਾਮਲਿਆਂ ਦੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਸਪੱਸ਼ਟ ਕੀਤਾ ਕਿ ਇਕ ਸਮਾਗਮ ’ਚ ਉਸ ਦੇ ਕਾਰਜਕਾਰੀ ਨਿਰਦੇਸ਼ਕ ਸੁਰੇਸ਼ ਜਾਧਵ ਵੱਲੋਂ ਦਿੱਤਾ ਗਿਆ ਬਿਆਨ ਕੰਪਨੀ ਦਾ ਨਹੀਂ ਹੈ। ਉਨ੍ਹਾਂ ਚਿੱਠੀ ’ਚ ਕਿਹਾ ਕਿ ਆਪਣੇ ਸੀਈਓ ਅਦਾਰ ਸੀ ਪੂਨਾਵਾਲਾ ਵੱਲੋਂ ਉਹ ਜਾਣਕਾਰੀ ਦਿੰਦੇ ਹਨ ਕਿ ਸੀਰਮ ਇੰਸਟੀਚਿਊਟ ਜਾਧਵ ਦੇ ਬਿਆਨ ਤੋਂ ਖੁਦ ਨੂੰ ਵੱਖ ਕਰਦੀ ਹੈ। ਇਹ ਗੱਲ ਦੁਹਰਾਈ ਜਾਂਦੀ ਹੈ ਕਿ ਇਹ ਕੰਪਨੀ ਦਾ ਵਿਚਾਰ ਬਿਲਕੁਲ ਵੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਸੀਰਮ ਇੰਸਟੀਚਿਊਟ ਕੋਵੀਸ਼ੀਲਡ ਦਾ ਉਤਪਾਦਨ ਵਧਾਉਣ ਲਈ ਦ੍ਰਿੜ੍ਹ ਹੈ ਅਤੇ ਕੋਵਿਡ-19 ਖ਼ਿਲਾਫ਼ ਜੰਗ ’ਚ ਉਹ ਸਰਕਾਰ ਨਾਲ ਖੜ੍ਹੀ ਹੈ। ਸੀਰਮ ਇੰਸਟੀਚਿਊਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੂਨਾਵਾਲਾ ਕੰਪਨੀ ਵੱਲੋਂ ਇਕਲੌਤੇ ਅਧਿਕਾਰਤ ਤਰਜਮਾਨ ਹਨ। -ਪੀਟੀਆਈ