ਮੁੰਬਈ, 5 ਜੁਲਾਈ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅਦਾਕਾਰ ਆਮਿਰ ਖ਼ਾਨ ਅਤੇ ਕਿਰਨ ਰਾਓ ਵੱਲੋਂ ਤਲਾਕ ਲਏ ਜਾਣ ਬਾਅਦ ਉਨ੍ਹਾਂ ਦੇ ਰਿਸ਼ਤਿਆਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਅਤੇ ਭਾਜਪਾ ਦੇ ਸਿਆਸੀ ਰਾਹ ਭਾਵੇਂ ਵੱਖ ਹਨ ਪਰ ਦੋਹਾਂ ਵਿਚਕਾਰ ਦੋਸਤੀ ਅਜੇ ਵੀ ਕਾਇਮ ਹੈ। ਉਨ੍ਹਾਂ ਕਿਹਾ,‘‘ਆਮਿਰ ਖ਼ਾਨ ਅਤੇ ਕਿਰਨ ਰਾਓ ਵੱਲ ਦੇਖੋ। ਉਨ੍ਹਾਂ ਦੇ ਰਾਹ ਵੱਖਰੇ ਹਨ ਪਰ ਉਹ ਦੋਸਤ ਹਨ। ਇਸੇ ਤਰ੍ਹਾਂ ਸ਼ਿਵ ਸੈਨਾ ਅਤੇ ਭਾਜਪਾ ਦੇ ਰਾਹ ਵੱਖਰੇ ਹਨ ਪਰ ਦੋਸਤੀ ਅਜੇ ਵੀ ਕਾਇਮ ਹੈ। ਸਿਆਸਤ ’ਚ ਦੋਸਤੀ ਰਹੇਗੀ ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਮਹਾਰਾਸ਼ਟਰ ’ਚ ਸਰਕਾਰ ਬਣਾਉਣ ਜਾ ਰਹੇ ਹਾਂ।’’ ਰਾਊਤ ਨੇ ਕਿਹਾ ਕਿ ਦੋਵੇਂ ਸਾਬਕਾ ਭਾਈਵਾਲਾਂ ਵਿਚਕਾਰ ਮੱਤਭੇਦ ਹਨ ਪਰ ਉਹ (ਸ਼ਿਵ ਸੈਨਾ-ਭਾਜਪਾ) ਭਾਰਤ-ਪਾਕਿਸਤਾਨ ਨਹੀਂ ਹਨ। ‘ਮੀਟਿੰਗਾਂ ਅਤੇ ਗੱਲਬਾਤ ਹੁੰਦੀ ਰਹਿੰਦੀ ਹੈ। ਪਰ ਹੁਣ ਸਾਡੇ ਰਾਹ ਵੱਖਰੇ ਹਨ। ਸਿਆਸਤ ’ਚ ਸਾਡੇ ਰਾਹ ਵੱਖਰੇ ਹੋ ਗਏ ਹਨ।’ ਸ਼ਿਵ ਸੈਨਾ ਆਗੂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਭਾਜਪਾ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਸੀ ਕਿ ਦੋਵੇਂ ਪਾਰਟੀਆਂ ਇਕ-ਦੂਜੇ ਦੀਆਂ ਦੁਸ਼ਮਣ ਨਹੀਂ ਹਨ। -ਪੀਟੀਆਈ