ਨਵੀਂ ਦਿੱਲੀ, 9 ਜੂਨ
ਫੌਜ ਨੇ ਇਕ ਇਤਿਹਾਸਕ ਪਹਿਲ ਕਰਦਿਆਂ ਦੋ ਮਹਿਲਾ ਅਫਸਰਾਂ ਨੂੰ ਆਪਣੇ ਹਵਾਬਾਜ਼ੀ ਵਿੰਗ ਲਈ ਲੜਾਕੂ ਹੈਲੀਕੌਪਟਰ ਪਾਇਲਟ ਵਜੋਂ ਟਰੇਨਿੰਗ ਦੇਣ ਲਈ ਚੁਣਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਫੌਜ ਮੁਖੀ ਜਨਰਲ ਐਮਐਨ ਨਰਵਾਣੇ ਵੱਲੋਂ ਮਹਿਲਾਵਾਂ ਨੂੰ ਪਾਇਲਟ ਵਜੋਂ ਸ਼ਾਮਲ ਕੀਤੇ ਜਾਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇਣ ਦੇ ਛੇ ਮਹੀਨਿਆਂ ਬਾਅਦ ਇਹ ਚੋਣ ਕੀਤੀ ਗਈ ਹੈ। ਹਾਲ ਦੀ ਘੜੀ ਆਰਮੀ ਏਵੀਏਸ਼ਨ ਵਿੰਗ ਵਿੱਚ ਔਰਤਾਂ ਨੂੰ ਏਅਰ ਟਰੈਫਿਕ ਕੰਟਰੋਲ ਅਤੇ ਗਰਾਊਂਡ ਡਿਊਟੀ ਦੀ ਇਜਾਜ਼ਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਨੇ ਮਹਿਲਾ ਅਫਸਰ ਮਹਾਰਾਸ਼ਟਰ ਦੇ ਨਾਸਿਕ ਵਿੱਚ ਕੰਬੈਟ ਆਰਮੀ ਏਵੀਏਸ਼ਨ ਟਰੇਨਿੰਗ ਸਕੂਲ ਵਿੱਚ ਟਰੇਨਿੰਗ ਲੈਣਗੀਆਂ। 15 ਮਹਿਲਾ ਅਫਸਰਾਂ ਨੇ ਫੌਜ ਦੇ ਏਵੀਏਸ਼ਨ ਵਿੰਗ ਵਿੱਚ ਸ਼ਾਮਲ ਹੋਣ ਲਈ ਸਵੈ ਇੱਛਾ ਨਾਲ ਹਿੱਸਾ ਲਿਆ ਸੀ। ਹਾਲਾਂਕਿ, ਸਿਰਫ ਦੋ ਮਹਿਲਾਵਾਂ ਹੀ ਸਖ਼ਤ ਚੋਣ ਪ੍ਰਕਿਰਿਆ ਵਿੱਚ ਸਫਲ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਮਹਿਲਾ ਅਫਸਰ ਸਫਲਤਾ ਨਾਲ ਟਰੇਨਿੰਗ ਪੂਰੀ ਕਰਨ ਬਾਅਦ ਅਗਲੇ ਵਰ੍ਹੇ ਜੁਲਾਈ ਤਕ ਉਡਾਣ ਡਿਊਟੀ ਵਿੱਚ ਸ਼ਾਮਲ ਹੋ ਜਾਣਗੀਆਂ। – ਏਜੰਸੀ