ਜੰਮੂ, 22 ਨਵੰਬਰ
ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਕੌਮਾਂਤਰੀ ਸਰਹੱਦ ਨੇੜੇ ਬੀਐੱਸਐਫ ਨੂੰ 150 ਮੀਟਰ ਲੰਮੀ ਜ਼ਮੀਨਦੋਜ਼ ਸੁਰੰਗ ਲੱਭੀ ਹੈ। ਸ਼ੱਕ ਜ਼ਾਹਿਰ ਕੀਤਾ ਗਿਆ ਹੈ ਕਿ ਜੈਸ਼-ਏ-ਮੁਹੰਮਦ ਦੇ ਚਾਰ ਅਤਿਵਾਦੀਆਂ ਨੇ ਪਾਕਿਸਤਾਨ ਤੋਂ ਭਾਰਤ ਵਿਚ ਦਾਖ਼ਲ ਹੋਣ ਲਈ ਇਸ ਸੁਰੰਗ ਦੀ ਵਰਤੋਂ ਕੀਤੀ ਹੈ। ਜ਼ਿਕਰਯੋਗ ਹੈ ਕਿ ਚਾਰ ਦਹਿਸ਼ਤਗਰਦ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਟੌਲ ਪਲਾਜ਼ਾ (ਨਗਰੋਟਾ) ’ਤੇ ਹੋਏ ਮੁਕਾਬਲੇ ਵਿਚ ਮਾਰੇ ਗਏ ਸਨ। ਅਤਿਵਾਦੀ ਟਰੱਕ ਵਿਚ ਸਵਾਰ ਸਨ ਤੇ ਇਹ ਕਸ਼ਮੀਰ ਜਾ ਰਿਹਾ ਸੀ। ਇਨ੍ਹਾਂ ਕੋਲੋਂ ਕਾਫ਼ੀ ਵੱਡੀ ਗਿਣਤੀ ਵਿਚ ਹਥਿਆਰ ਤੇ ਹੋਰ ਅਸਲਾ ਬਰਾਮਦ ਕੀਤਾ ਗਿਆ ਸੀ। ਪੁਲੀਸ ਮੁਤਾਬਕ ਇਨ੍ਹਾਂ ਦਾ ਮੰਤਵ ਜ਼ਿਲ੍ਹਾ ਵਿਕਾਸ ਕੌਂਸਲ ਚੋਣਾਂ ਵਿਚ ਵਿਘਨ ਪਾਉਣਾ ਸੀ ਜੋ ਕਿ 28 ਨਵੰਬਰ ਨੂੰ ਹੋਣ ਜਾ ਰਹੀਆਂ ਹਨ। ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਮਾਰੇ ਗਏ ਅਤਿਵਾਦੀਆਂ ਤੋਂ ਜਿਹੜੀ ਸਮੱਗਰੀ ਮਿਲੀ ਸੀ, ਉਸ ਤੋਂ ਸ਼ੱਕ ਹੋਇਆ ਹੈ ਕਿ ਇਹ ਸਾਰੇ ਸਾਂਬਾ ਸੈਕਟਰ ਵਿਚ ਕਿਸੇ ਸੁਰੰਗ ਰਾਹੀਂ ਪਾਕਿ ਤੋਂ ਭਾਰਤ ਵਿਚ ਦਾਖ਼ਲ ਹੋਏ ਸਨ। ਡੀਜੀਪੀ ਨੇ ਦੱਸਿਆ ਕਿ ਪੁਲੀਸ ਨੇ ਮੁਕਾਬਲੇ ਵਾਲੀ ਥਾਂ ਤੋਂ ਬੀਐੱਸਐਫ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਸੀ। ਬੀਐੱਸਐਫ ਸ਼ੁੱਕਰਵਾਰ ਤੋਂ ਇਸ ਸੁਰੰਗ ਦਾ ਪਤਾ ਲਾਉਣ ਵਿਚ ਜੁਟੀ ਹੋਈ ਸੀ ਤੇ ਕਾਫ਼ੀ ਯਤਨਾਂ ਮਗਰੋਂ ਸੁਰੰਗ ਲੱਭ ਗਈ ਹੈ। ਇਸ ਮੌਕੇ ਬੀਐੱਸਐਫ ਦੇ ਆਈਜੀ (ਜੰਮੂ ਫਰੰਟੀਅਰ) ਐਨ.ਐੱਸ. ਜਮਵਾਲ ਵੀ ਡੀਜੀਪੀ ਨਾਲ ਹਾਜ਼ਰ ਸਨ। ਫ਼ੌਜ ਤੇ ਪੁਲੀਸ ਬੀਐੱਸਐਫ ਦੀ ਮਦਦ ਕਰ ਰਹੀ ਸੀ। -ਪੀਟੀਆਈ
ਪੁਲਵਾਮਾ ਦੇ ਮਦਰੱਸੇ ’ਚੋਂ ਅਤਿਵਾਦੀ ਗ੍ਰਿਫ਼ਤਾਰ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਮਦਰੱਸੇ ’ਚੋਂ ਇਕ ਦਹਿਸ਼ਤਗਰਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫ਼ੌਜ ਮੁਤਾਬਕ ਸੁਰੱਖਿਆ ਬਲਾਂ ਨੇ ਸੂਚਨਾ ਮਿਲਣ ’ਤੇ ਦੱਖਣੀ ਕਸ਼ਮੀਰ ਦੇ ਇਸ ਜ਼ਿਲ੍ਹੇ ਦੇ ਛਤਪੁਰਾ ਮੁਹੱਲੇ ਵਿਚ ਤਲਾਸ਼ੀ ਆਰੰਭੀ ਸੀ। ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਇਲਾਕੇ ਦਾ ਇਕ ਵਿਅਕਤੀ ਇਸ ਇਲਾਕੇ ਵਿਚ ਮੌਜੂਦਾ ਸੀ ਜੋ ਕਿ ਅਤਿਵਾਦੀਆਂ ਦੇ ਲਗਾਤਾਰ ਸੰਪਰਕ ਵਿਚ ਹੈ। ਅਪਰੇਸ਼ਨ ਦੌਰਾਨ ਬਲਾਂ ਨੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਉਸ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਨੇੜਲੇ ਮਦਰੱਸੇ ਵਿਚ ਇਕ ਅਤਿਵਾਦੀ ਮੌਜੂਦ ਹੈ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਤੇ ਅਤਿਵਾਦੀ ਨੂੰ ਗ੍ਰਿਫ਼ਤਾਰ ਕਰ ਲਿਆ। -ਪੀਟੀਆਈ
ਪਾਕਿਸਤਾਨ ਵੱਲੋਂ ਸਰਹੱਦੀ ਪਿੰਡਾਂ ਤੇ ਮੂਹਰਲੀਆਂ ਚੌਕੀਆਂ ’ਤੇ ਗੋਲੀਬਾਰੀ
ਜੰਮੂ: ਪਾਕਿਸਤਾਨੀ ਫ਼ੌਜ ਵੱਲੋਂ ਭਾਰਤੀ ਫ਼ੌਜ ਪ੍ਰਤੀ ਬਦਲੇ ਦੀ ਕਾਰਵਾਈ ਕਰਦਿਆਂ ਅੱਜ ਜੰਮੂ-ਕਸ਼ਮੀਰ ਦੇ ਕਠੂਆ ਤੇ ਰਾਜੌਰੀ ਜ਼ਿਲ੍ਹਿਆਂ ’ਚ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡਾਂ ਅਤੇ ਮੂਹਰਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹਾਲਾਂਕਿ ਗੋਲੀਬੰਦੀ ਉਲੰਘਣਾ ਦੀ ਤਾਜ਼ਾ ਕਾਰਵਾਈ ’ਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਇੱਕ ਦਿਨ ਪਹਿਲਾਂ ਹੀ ਪਾਕਿਸਤਾਨੀ ਫ਼ੌਜ ਵੱਲੋਂ ਪੁਣਛ ਤੇ ਰਾਜੌਰੀ ਜ਼ਿਲ੍ਹਿਆਂ ’ਚ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ’ਚ ਫ਼ੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ ਦੋ ਔਰਤਾਂ ਸਣੇ ਤਿੰਨ ਹੋਰ ਲੋਕ ਮਾਰੇ ਗਏ ਸਨ। ਇੱਕ ਰੱਖਿਆ ਤਰਜਮਾਨ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਬਿਨਾਂ ਕਿਸੇ ਉਕਸਾਵੇ ਤੋਂ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਰਾਜੌਰੀ ਦੇ ਕੰਟਰੋਲ ਰੇਖਾ ਨਾਲ ਲੱਗਦੇ ਨੌਸ਼ਹਿਰਾ ਸੈਕਟਰ ’ਚ ਛੋਟੇ ਤੇ ਵੱਡੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ, ਜਿਸ ਦਾ ਭਾਰਤੀ ਫ਼ੌਜ ਨੇ ਢੁੱਕਵਾਂ ਜਵਾਬ ਦਿੱਤਾ। ਇਸ ਤੋਂ ਇਲਾਵਾ ਪਾਕਿਸਤਾਨੀ ਰੇਂਜਰਾਂ ਵੱਲੋਂ ਸ਼ਨਿਚਰਵਾਰ ਰਾਤ 9 ਵਜੇ ਸਤਪਾਲ, ਮਨਿਆਰੀ, ਕਰੋਲ ਕ੍ਰਿਸ਼ਨਾ ਅਤੇ ਗੁਰਨਾਮ ਸਰਹੱਦੀ ਚੌਕੀਆਂ ’ਤੇ ਗੋਲੀਬਾਰੀ ਕੀਤੀ ਗਈ। ਅਧਿਕਾਰੀਆਂ ਮੁਤਾਬਕ ਸਰਹੱਦ ਦੇ ਦੋਵੇਂ ਪਾਸਿਓਂ ਤੜਕੇ 3:45 ਵਜੇ ਤੱਕ ਗੋਲੀਬਾਰੀ ਹੁੰਦੀ ਰਹੀ। -ਪੀਟੀਆਈ
ਕੰਟਰੋਲ ਰੇਖਾ ਨੇੜੇ ਡਰੋਨ ਉੱਡਦਾ ਦਿੱਸਿਆ
ਜੰਮੂ: ਪੁਣਛ ਜ਼ਿਲ੍ਹੇ ਦੇ ਮੇਂਧੜ ਸੈਕਟਰ ’ਚ ਕੰਟਰੋਲ ਰੇਖਾ ਨੇੜੇ ਇੱਕ ਪਾਕਿਸਤਾਨੀ ਡਰੋਨ ਉੱਡਦਾ ਹੋਇਆ ਨਜ਼ਰ ਆਉਣ ਮਗਰੋਂ ਫ਼ੌਜ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸ਼ਨਿਚਰਵਾਰ ਨੂੰ ਡਰੋਨ ਦਿਖਾਈ ਦੇਣ ਤੋਂ ਤੁਰੰਤ ਬਾਅਦ ਬਸੋਨੀ, ਧਾਰਾਨਾ ਅਤੇ ਨਾਲ ਲੱਗਦੇ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਮੁਤਾਬਕ ਪਾਕਿਸਤਾਨ ਵੱਲੋਂ ਪਿਛਲੇ ਛੇ ਮਹੀਨਿਆਂ ਤੋਂ ਕੌਮਾਂਤਰੀ ਸਰਹੱਦ ਅਤੇ ਕੰਟਰੋਲ ਰੇਖਾ ਨੇੜੇ ਹਥਿਆਰ ਤੇ ਨਸ਼ੀਲੇ ਪਦਾਰਥ ਸੁੱਟਣ ਲਈ ਡਰੋਨ ਦੀ ਵਰਤੋਂ ਵਧਾਈ ਗਈ ਹੈ, ਜਿਸ ਦੇ ਚੱਲਦਿਆਂ ਸਰਹੱਦ ਨੇੜੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ। -ਪੀਟੀਆਈ