ਨਵੀਂ ਦਿੱਲੀ, 13 ਜਨਵਰੀ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਾਇਆ ਹੈ ਕਿ ਉੱਤਰ ਪ੍ਰਦੇਸ਼ ਦੀ ਯੋਗੀ ਅਦਿੱਤਿਆਨਾਥ ਸਰਕਾਰ ਨੇ ਮਹਿਲਾਵਾਂ ਦੀ ਸੁਰੱਖਿਆ ਬਾਰੇ ਪ੍ਰਚਾਰ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ ਹਨ ਪਰ ਜ਼ਮੀਨੀ ਪੱਧਰ ’ਤੇ ਹਕੀਕਤ ਇਹ ਹੈ ਕਿ ਔਰਤਾਂ ਨਾਲ ਮਾੜਾ ਸਲੂਕ ਕੀਤਾ ਜਾ ਰਿਹਾ ਹੈ। ਫੇਸਬੁੱਕ ’ਤੇ ਪਾਈ ਪੋਸਟ ’ਚ ਉਨ੍ਹਾਂ ਮਹਿਲਾਵਾਂ ਖ਼ਿਲਾਫ਼ ਜੁਰਮਾਂ ਬਾਰੇ ਮੀਡੀਆ ਰਿਪੋਰਟਾਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਲਈ ‘ਬੇਟੀ ਬਚਾਓ’ ਅਤੇ ‘ਮਿਸ਼ਨ ਸ਼ਕਤੀ’ ਜਿਹੇ ਨਾਅਰੇ ਖੋਖਲੇ ਹਨ। ਉਨ੍ਹਾਂ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਗ੍ਰਹਿ ਨਗਰ ਗੋਰਖਪੁਰ ’ਚ 12 ਮਹਿਲਾਵਾਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਸਜ਼ਾ ਦੇਣ ਦੀ ਬਜਾਏ ਪੁਲੀਸ ਕੁਝ ਮਹਿਲਾਵਾਂ ਦੇ ਥਹੁ-ਟਿਕਾਣੇ ਦਾ ਪਤਾ ਵੀ ਨਹੀਂ ਲਗਾ ਸਕੀ ਹੈ। ਪ੍ਰਿਯੰਕਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ’ਚ ਰੋਜ਼ਾਨਾ ਔਰਤਾਂ ਖ਼ਿਲਾਫ਼ ਔਸਤਨ 165 ਜੁਰਮ ਹੁੰਦੇ ਹਨ। ‘ਹੁਣੇ ਜਿਹੇ ਅਜਿਹੇ ਸੈਂਕੜੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਪ੍ਰਸ਼ਾਸਨ ਨੇ ਜਾਂ ਤਾਂ ਉਨ੍ਹਾਂ ਦਾ ਦਰਦ ਨਹੀਂ ਸੁਣਿਆ ਜਾਂ ਸ਼ਿਕਾਇਤਕਰਤਾ ਨਾਲ ਦੁਰਵਿਹਾਰ ਕੀਤਾ।’ -ਪੀਟੀਆਈ