ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਨਵੰਬਰ
ਸੰਯੁਕਤ ਕਿਸਾਨ ਮੋਰਚੇ ਨੇ ਦੋਸ਼ ਲਾਇਆ ਕਿ ਲਖੀਮਪੁਰ ਖੀਰੀ ਵਾਂਗ ਹੀ ਫਿਰੋਜ਼ਪੁਰ ਵਿੱਚ ਕਿਸਾਨਾਂ ’ਤੇ ਗੋਲਬਾਰੀ ਕੀਤੀ ਗਈ ਤੇ ਪੰਜ ਕਿਸਾਨਾਂ ਨੂੰ ਅਕਾਲੀ ਆਗੂਆਂ ਦੀ ਗੱਡੀ ਨੇ ਕਥਿਤ ਤੌਰ ’ਤੇ ਘਸੀਟਿਆ, ਜਿਸ ਕਾਰਨ ਕਈ ਕਿਸਾਨ ਜ਼ਖ਼ਮੀ ਵੀ ਹੋਏ। ਮੋਰਚੇ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਪਹਿਲਾਂ ਅਕਾਲੀ ਆਗੂਆਂ ਨੇ ਹਰਸਿਮਰਤ ਕੌਰ ਬਾਦਲ ਦੇ ਸਮਾਗਮ ਵਿੱਚ ਸਵਾਲ ਪੁੱਛਣ ਗਏ ਕਿਸਾਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੋਨੀ ਮਾਨ ਨੇ ਆਪਣੀ ਗੱਡੀ ਰਾਹੀਂ ਕਥਿਤ ਤੌਰ ’ਤੇ ਕੁਚਲਣ ਦੀ ਕੋਸ਼ਿਸ਼ ਕੀਤੀ। ਇੱਕ ਕਿਸਾਨ ਹਰਨੇਕ ਸਿੰਘ ਨੂੰ ਗੱਡੀ ਇੱਕ ਕਿਲੋਮੀਟਰ ਤੱਕ ਘਸੀਟਦੀ ਲੈ ਗਈ। ਮੋਰਚੇ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਅਕਾਲੀ ਆਗੂਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਅਤੇ ਭਲਕੇ 11 ਨਵੰਬਰ ਨੂੰ ਡੀਸੀ ਦਫ਼ਤਰ ਫਿਰੋਜ਼ਪੁਰ ਤੱਕ ਰੋਸ ਮਾਰਚ ਕੱਢਣ ਦਾ ਐਲਾਨ ਵੀ ਕੀਤਾ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬੂਟਾ ਸਿੰਘ ਬੁਰਜਗਿੱਲ, ਬਲਬੀਰ ਸਿੰਘ ਰਾਜੇਵਾਲ ਤੇ ਡਾ. ਦਰਸ਼ਨਪਾਲ ਨੇ ਅਕਾਲੀ ਆਗੂਆਂ ਖ਼ਿਲਾਫ਼ ਇਰਾਦਾ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਤੱਖਦਰਸ਼ੀਆਂ ਅਨੁਸਾਰ ਅਕਾਲੀ ਆਗੂ ਦੇ ਸੁਰੱਖਿਆ ਗਾਰਡਾਂ ਨੇ ਆਪਣੇ ਹਥਿਆਰਾਂ ਨਾਲ ਆਪਣੀ ਗੱਡੀ ’ਤੇ ਆਪ ਹੀ ਫਾਇਰਿੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਹਾਦਸਾ ਵੀ ਸ਼ਾਇਦ ਲਖੀਮਪੁਰ ਖੀਰੀ ਵਰਗਾ ਹੀ ਬਣ ਜਾਂਦਾ ਜੇਕਰ ਕਿਸਾਨ ਆਪਣੇ ਆਪ ਨੂੰ ਨਾ ਬਚਾਉਂਦੇ। ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਵੀ ਬੀਕੇਯੂ (ਡਕੌਂਦਾ) ਦੇ ਸੂਬਾਈ ਆਗੂ ਹਰਨੇਕ ਸਿੰਘ ਮਹਿਮਾ ’ਤੇ ਫਿਰੋਜ਼ਪੁਰ ਵਿਖੇ ਜਾਨਲੇਵਾ ਹਮਲਾ ਕਰਨ ਨਿਖੇਧੀ ਕੀਤੀ।