ਪੰਜਾਬ ਚੋਣਾਂ: ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਚੋਣ ਕਮਿਸ਼ਨ ਨੇ ਗੁਰੂ ਰਵਿਦਾਸ ਜੈਅੰਤੀ ਦੇ ਹਵਾਲੇ ਨਾਲ ਤਰੀਕ ਅੱਗੇ ਪਾਈ

ਪੰਜਾਬ ਚੋਣਾਂ: ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਜਨਵਰੀ

ਮੁੱਖ ਅੰਸ਼

  • ਮੁੱਖ ਮੰਤਰੀ ਚੰਨੀ ਤੇ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਤਰੀਕ ਅੱਗੇ ਪਾਉਣ ਦੀ ਕੀਤੀ ਸੀ ਬੇਨਤੀ

ਸੂੁਬਾ ਸਰਕਾਰ ਤੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤੀ ਬੇਨਤੀ ਨੂੰ ਸਵੀਕਾਰ ਕਰਦਿਆਂ ਚੋਣ ਕਮਿਸ਼ਨ ਨੇ ਪੰਜਾਬ ਅਸੈਂਬਲੀ ਲਈ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਨੂੰ ਗੁਰੂ ਰਵਿਦਾਸ ਜੈਅੰਤੀ ਦੇ ਹਵਾਲੇ ਨਾਲ ਹੁਣ 20 ਫਰਵਰੀ ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ। ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ ਪੰਜਾਬ ਅਸੈਂਬਲੀ ਲਈ ਇਕਹਿਰੇ ਗੇੜ ਤਹਿਤ ਹੁਣ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਕਾਬਿਲੇਗੌਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਭਾਜਪਾ ਤੇ ਇਸ ਦੀਆਂ ਭਾਈਵਾਲ ਪਾਰਟੀਆਂ, ਬਸਪਾ ਤੇ ਹੋਰਨਾਂ ਜਥੇਬੰਦੀਆਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਸੀ ਕਿ 16 ਫਰਵਰੀ ਨੂੰ ਗੁਰੂ ਰਵਿਦਾਸ ਜੈਅੰਤੀ ਕਰਕੇ ਉਨ੍ਹਾਂ ਦੇ ਲੱਖਾਂ ਸ਼ਰਧਾਲੂਆਂ ਨੇ ਉੱਤਰ ਪ੍ਰਦੇਸ਼ ਦੇ ਵਾਰਾਨਸੀ ਦੀ ਯਾਤਰਾ ਕਰਨੀ ਹੈ, ਲਿਹਾਜ਼ਾ 14 ਫਰਵਰੀ ਲਈ ਤਜਵੀਜ਼ਤ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁਲਤਵੀ ਕਰਕੇ ਕੋਈ ਹੋਰ ਤਰੀਕ ਨਿਰਧਾਰਿਤ ਕੀਤੀ ਜਾਵੇ।

ਚੋਣ ਕਮਿਸ਼ਨ ਨੇ ਕਿਹਾ ਕਿ ਪਿਛਲੇ ਹਫ਼ਤੇ ਚੋਣ ਪ੍ਰੋਗਰਾਮ ਦਾ ਐਲਾਨ ਕਰਨ ਤੋਂ ਬਾਅਦ ਉਸ ਨੂੰ ਰਾਜ ਸਰਕਾਰ, ਰਾਜਨੀਤਕ ਪਾਰਟੀਆਂ ਅਤੇ ਹੋਰ ਸੰਗਠਨਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਜੈਅੰਤੀ, ਜੋ ਕਿ 16 ਫਰਵਰੀ ਨੂੰ ਮਨਾਈ ਜਾ ਰਹੀ ਹੈ, ਦੇ ਸਬੰਧ ਵਿੱਚ ਕਈ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਅਪੀਲਕਰਤਾਵਾਂ ਦਾ ਦਾਅਵਾ ਸੀ ਕਿ ਵੱਡੀ ਗਿਣਤੀ ਸ਼ਰਧਾਲੂ ਜੈਅੰਤੀ ਤੋਂ ਲਗਪਗ ਹਫ਼ਤਾ ਪਹਿਲਾਂ ਵਾਰਾਣਸੀ ਜਾਣਾ ਸ਼ੁਰੂ ਕਰ ਦਿੰਦੇ ਹਨ ਤੇ 14 ਫਰਵਰੀ ਨੂੰ ਮਤਦਾਨ ਦਾ ਦਿਨ ਰੱਖਣ ਨਾਲ ਵੱਡੀ ਗਿਣਤੀ ਵੋਟਰ ਆਪਣੇ ਜਮਹੂਰੀ ਹੱਕ ਤੋਂ ਖੁੰਝ ਸਕਦੇ ਹਨ। ਉਨ੍ਹਾਂ ਨੇ 16 ਫਰਵਰੀ ਤੋਂ ਕੁਝ ਦਿਨ ਬਾਅਦ ਵੋਟਾਂ ਦੀ ਮਿਤੀ ਬਦਲਣ ਦੀ ਬੇਨਤੀ ਕੀਤੀ। ਕਮਿਸ਼ਨ ਨੇ ਇਸ ਸਬੰਧੀ ਰਾਜ ਸਰਕਾਰ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਤੋਂ ਵੀ ਜਾਣਕਾਰੀ ਲਈ। ਰਾਜ ਸਰਕਾਰ ਅਤੇ ਮੁੱਖ ਚੋਣ ਅਧਿਕਾਰੀ ਵੱਲੋਂ ਮਿਲੀ ਜਾਣਕਾਰੀ, ਇਸ ਮਾਮਲੇ ਵਿੱਚ ਸਾਰੇ ਤੱਥਾਂ ਅਤੇ ਹਾਲਾਤ ਨੂੰ ਵਿਚਾਰਨ ਤੋਂ ਬਾਅਦ ਚੋਣ ਕਮਿਸ਼ਨ ਨੇ ਰਾਜ ਵਿੱਚ ਵਿਧਾਨ ਸਭਾ ਚੋਣਾਂ ਨੂੰ ਮੁੜ ਤੈਅ ਕਰਨ ਦਾ ਫੈਸਲਾ ਕੀਤਾ। ਨਵੀਂ ਚੋਣ ਤਰੀਕੇ ਦੇ ਐਲਾਨ ਨਾਲ ਪੰਜਾਬ ਚੋਣਾਂ ਵਿੱਚ ਹਿੱਸਾ ਲੈਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਪ੍ਰਚਾਰ ਕਰਨ ਤੇ ਤਿਆਰੀਆਂ ਲਈ ਹੋਰ ਵੱਧ ਸਮਾਂ ਮਿਲੇਗਾ। ਮੁੱਖ ਮੰਤਰੀ ਚੰਨੀ ਨੇ 13 ਜਨਵਰੀ ਨੂੰ ਚੋਣ ਕਮਿਸ਼ਨ ਨੂੰ ਪੰਜਾਬ ਵਿਧਾਨ ਸਭਾ ਲਈ 20 ਲੱਖ ਅਨੁਸੂਚਿਤ ਜਾਤੀ ਦੇ ਸ਼ਰਧਾਲੂਆਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਬਣਾਉਣ ਲਈ ਵੋਟਾਂ ਪਾਉਣ ਦੀ ਤਾਰੀਕ ਛੇ ਦਿਨਾਂ ਲਈ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਚੋਣਾਂ ਮੁਲਤਵੀ ਕਰਨ ਦੀ ਮੰਗ ਸਭ ਤੋਂ ਪਹਿਲਾਂ ਕੀਤੀ ਸੀ। ਉਧਰ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਮੁੱਖ ਚੋਣ ਕਮਿਸ਼ਨਰ ਨੂੰ ਲੰਘੇ ਦਿਨ ਲਿਖੇ ਪੱਤਰ ਵਿੱਚ ਰਾਜ ਵਿੱਚ ਵੱਡੀ ਗਿਣਤੀ ਗੁਰੂ ਰਵਿਦਾਸ ਦੇ ਪੈਰੋਕਾਰਾਂ ਦਾ ਹਵਾਲਾ ਦਿੱਤਾ ਸੀ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ (ਪੀਐਲਸੀ) ਨੇ ਵੀ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਇੱਕ ਹਫ਼ਤੇ ਲਈ ਮੁਲਤਵੀ ਕਰਨ ਦੀ ਮੰਗ ਦਾ ਸਮਰਥਨ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਨੇ ਵੀ ਚੋਣ ਪੈਨਲ ਨੂੰ ਪੱਤਰ ਲਿਖ ਕੇ ਵੋਟਾਂ ਦੀ ਤਰੀਕ ਮੁਲਤਵੀ ਕਰਨ ਦੀ ਮੰਗ ਕੀਤੀ ਸੀ।

ਚੋਣ ਕਮਿਸ਼ਨ ਪਹਿਲਾਂ ਵੀ ਬਦਲਦਾ ਰਿਹੈ ਹੈ ਚੋਣ ਪ੍ਰੋਗਰਾਮ

ਚੋਣ ਕਮਿਸ਼ਨ ਵਿਚਲੇ ਸੂਤਰਾਂ ਨੇ ਕਿਹਾ ਕਿ ਪਹਿਲਾਂ ਵੀ ਅਜਿਹੇ ਕਈ ਮੌਕੇ ਆੲੇ ਹਨ ਜਦੋਂਕਿ ਚੋਣ ਪ੍ਰੋਗਰਾਮ ਦੇ ਐਲਾਨ ਮਗਰੋਂ ਅਸੈਂਬਲੀ ਚੋਣਾਂ ਤੇ ਜ਼ਿਮਨੀ ਚੋਣਾਂ ਦੀਆਂ ਤਰੀਕਾਂ ਵਿੱਚ ਫੇਰਬਦਲ ਕੀਤਾ ਗਿਆ ਹੈ। ਅਕਤੂਬਰ 2013 ਵਿੱਚ ਚੋਣ ਕਮਿਸ਼ਨ ਨੇ ਮਿਜ਼ੋਰਮ ਵਿੱਚ ਨਵੰਬਰ ਮਹੀਨੇ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੀਆਂ ਤਰੀਕਾਂ ਨੂੰ ਬਦਲ ਦਿੱਤਾ ਸੀ। ਇਸੇ ਤਰ੍ਹਾਂ ਮਿਜ਼ੋਰਮ ਵਿੱਚ ਅਪਰੈਲ 2014 ਵਿੱਚ ਜ਼ਿਮਨੀ ਚੋਣ ਨੂੰ ਨਵੇਂ ਸਿਰ ਤੋਂ ਵਿਉਂਤਿਆ ਗਿਆ ਸੀ। ਇਸ ਤੋਂ ਪਹਿਲਾਂ ਮਾਰਚ 2012 ਵਿੱਚ ਯੂਪੀ ਅਸੈਂਬਲੀ ਦੇ ਪਹਿਲੇ ਗੇੜ ਦੀ ਚੋਣ ਤਰੀਕ ਨੂੰ ਵੋਟਰਾਂ ਦੇ ਧਾਰਮਿਕ ਨਿਸ਼ਚੇ ਸਮੇਤ ਕੁਝ ਮਿਲਦੇ ਜੁਲਦੇ ਕਾਰਨਾਂ ਕਰਕੇ ਬਦਲ ਦਿੱਤਾ ਗਿਆ ਸੀ।

ਸੋਸ਼ਲ ਮੀਡੀਆ ’ਤੇ ਸਿਆਸੀ ਮੁਹਿੰਮ ਚਲਾਉਣ ਲਈ ਪ੍ਰਵਾਨਗੀ ਜ਼ਰੂਰੀ

ਚੰਡੀਗੜ੍ਹ (ਟਨਸ): ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਕਰੁਣਾ ਐੱਸ. ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਪ੍ਰੋਗਰਾਮ ਮੁਤਾਬਕ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅਮਲ 25 ਤੋਂ ਸ਼ੁਰੂ ਹੋਵੇਗਾ ਅਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 1 ਫਰਵਰੀ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ ਨੂੰ ਕੀਤੀ ਜਾਵੇਗੀ। ਜਦਕਿ ਵੋਟਾਂ ਦੀ ਗਿਣਤੀ ਪਹਿਲਾਂ ਵਾਲੇ ਪ੍ਰੋਗਰਾਮ ਮੁਤਾਬਕ 10 ਮਾਰਚ ਨੂੰ ਹੋਵੇਗੀ। ਸੋਸ਼ਲ ਮੀਡੀਆ ਪ੍ਰਚਾਰ ਸਮੱਗਰੀ ਦੀ ਮੀਡੀਆ ਸਰਟੀਫਿਕੇਸ਼ਨ ਐਂਡ ਮਾਨੀਟਰਿੰਗ ਕਮੇਟੀ (ਐਮਸੀਐਮਸੀ) ਤੋਂ ਪ੍ਰੀ-ਸਰਟੀਫਿਕੇਸ਼ਨ ਦੀ ਲੋੜ ਬਾਰੇ ਪੁੱਛਣ ’ਤੇ ਡਾ. ਰਾਜੂ ਨੇ ਕਿਹਾ ਕਿ ਸੋਸ਼ਲ ਮੀਡੀਆ ਆਮ ਮੀਡੀਆ ਤੋਂ ਵੱਖਰਾ ਨਹੀਂ ਹੈ ਅਤੇ ਕਿਸੇ ਵੀ ਸਿਆਸੀ ਮੁਹਿੰਮ ਨੂੰ ਸੋਸ਼ਲ ਮੀਡੀਆ ’ਤੇ ਚਲਾਉਣ ਲਈ ਇਹੀ ਨਿਯਮ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਤੋਂ ਸੀਏਪੀਐਫ ਦੀਆਂ 1050 ਕੰਪਨੀਆਂ ਦੀ ਮੰਗ ਕੀਤੀ ਗਈ ਹੈ ਜਦੋਂਕਿ 50 ਕੰਪਨੀਆਂ ਪਹਿਲਾਂ ਹੀ ਤਾਇਨਾਤ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਐਨਫੋਰਸਮੈਂਟ ਟੀਮਾਂ ਨੇ 16 ਜਨਵਰੀ ਤੱਕ 42.94 ਕਰੋੜ ਰੁਪਏ ਦਾ ਸਾਮਾਨ ਜ਼ਬਤ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All