ਨਵੀਂ ਦਿੱਲੀ, 24 ਜੁਲਾਈ
ਸੰਸਦ ਦੇ ਵਾਰ-ਵਾਰ ਮੁਲਤਵੀ ਹੋਣ ’ਤੇ ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਕਿਹਾ ਕਿ ਸੰਸਦ ਮੈਂਬਰਾਂ ਨੂੰ ਗੰਭੀਰਤਾ ਨਾਲ ਮੰਥਨ ਕਰਨ ਦੀ ਲੋੜ ਹੈ ਕਿ ਕੀ ਇਸ ਤਰ੍ਹਾਂ ਸਦਨ ਦੀ ਕਾਰਵਾਈ ’ਚ ਅੜਿੱਕੇ ਪਾਉਣਾ ‘ਵਾਜਬ ਰਣਨੀਤੀ ਹੈ’। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹਾ ਸਿਰਫ਼ ‘ਬਹੁਤ ਗੰਭੀਰ ਸਥਿਤੀ’ ਵਿਚ ਹੋਣਾ ਚਾਹੀਦਾ ਹੈ ਤੇ ਰੋਜ਼-ਰੋਜ਼ ਨਹੀਂ ਹੋਣਾ ਚਾਹੀਦਾ। ਤਿਵਾੜੀ ਨੇ ਨਾਲ ਹੀ ਕਿਹਾ ਕਿ, ‘ਸਦਨ ਨੂੰ ਚਲਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ, ਤੇ ਕਾਰਵਾਈ ਵਾਰ-ਵਾਰ ਮੁਲਤਵੀ ਹੋਣ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਣਾ ਮੰਦਭਾਗਾ ਤੇ ਮੌਕਾਪ੍ਰਸਤ ਇਲਜ਼ਾਮ ਹੈ’, ਕਿਉਂਕਿ ਭਾਜਪਾ ਤੇ ਇਸ ਦੇ ਸਹਿਯੋਗੀ ਵਿਰੋਧੀ ਧਿਰ ਵਿਚ ਰਹਿੰਦਿਆਂ (2004-14) ਤੱਕ ਸੰਸਦ ਦੀ ਕਾਰਵਾਈ ਵਿਚ ਅੜਿੱਕਾ ਪਾਉਂਦੇ ਰਹੇ ਹਨ। ਇਕ ਇੰਟਰਵਿਊ ਵਿਚ ਤਿਵਾੜੀ ਨੇ ਸੁਝਾਅ ਦਿੱਤਾ ਕਿ ਨੇਮ ਵਜੋਂ ਜਦ ਸਦਨ ਵਿਚ ਸਰਕਾਰੀ ਕੰਮਕਾਜ ਸ਼ਾਮ ਛੇ ਵਜੇ ਮੁੱਕਦਾ ਹੈ, ਉਸ ਵੇਲੇ ਲੋਕ ਸਭਾ ਦੇ ਨਿਯਮ 193 ਤਹਿਤ ਕਿਸੇ ਵੀ ਮੁੱਦੇ ਉਤੇ ਵਿਚਾਰ-ਚਰਚਾ ਦੀ ਪ੍ਰਵਾਨਗੀ ਮਿਲਣੀ ਚਾਹੀਦੀ ਹੈ। ਵਿਰੋਧੀ ਧਿਰ ਇਸ ਬਾਰੇ ਸਾਂਝੇ ਤੌਰ ’ਤੇ ਫ਼ੈਸਲਾ ਲੈ ਸਕਦੀ ਹੈ। ਤਿਵਾੜੀ ਨੇ ਕਿਹਾ ਕਿ ਉਹ ਇਸ ਬਾਰੇ ਸਪੀਕਰ ਓਮ ਬਿਰਲਾ ਨਾਲ ਵੀ ਗੱਲਬਾਤ ਕਰ ਚੁੱਕੇ ਹਨ ਕਿ ਸ਼ਾਮ ਛੇ ਤੋਂ 9 ਵਜੇ ਤੱਕ ਮੁੱਦਿਆਂ ਉਤੇ ਚਰਚਾ ਹੋ ਸਕਦੀ ਹੈ। ਇਸੇ ਤਰ੍ਹਾਂ ਦੀ ਚਰਚਾ ਰਾਜ ਸਭਾ ਵਿਚ ਵੀ ਹੋ ਸਕਦੀ ਹੈ। -ਪੀਟੀਆਈ