ਨਵੀਂ ਦਿੱਲੀ, 19 ਅਗਸਤ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦੇ ਅਸਤੀਫ਼ੇ ਨੂੰ ਪ੍ਰਵਾਨ ਕਰ ਲਿਆ ਹੈ। ਕਾਨੂੰਨ ਅਤੇ ਨਿਆਂ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਨੇ ਅਸ਼ੋਕ ਲਵਾਸਾ ਦਾ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ਾ 31 ਅਗਸਤ ਤੋਂ ਸਵੀਕਾਰ ਕਰ ਲਿਆ ਹੈ। ਸ੍ਰੀ ਲਵਾਸਾ ਸਤੰਬਰ ’ਚ ਫਿਲਪੀਨਜ਼ ਆਧਾਰਿਤ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਮੀਤ ਪ੍ਰਧਾਨ ਵਜੋਂ ਅਹੁਦਾ ਸੰਭਾਲਣਗੇ। ਉਹ ਦਿਵਾਕਰ ਗੁਪਤਾ ਦੀ ਥਾਂ ਲੈਣਗੇ ਜਿਨ੍ਹਾਂ ਦਾ ਕਾਰਜਕਾਲ 31 ਅਗਸਤ ਨੂੰ ਖ਼ਤਮ ਹੋ ਰਿਹਾ ਹੈ। ਉਂਜ ਸ੍ਰੀ ਲਵਾਸਾ ਦਾ ਚੋਣ ਕਮਿਸ਼ਨ ’ਚ ਕਾਰਜਕਾਲ ਅਕਤੂਬਰ 2022 ’ਚ ਖ਼ਤਮ ਹੋਣਾ ਸੀ ਅਤੇ ਉਹ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਤੱਕ ਪਹੁੰਚ ਸਕਦੇ ਸਨ। ਉਹ ਦੂਜੇ ਚੋਣ ਕਮਿਸ਼ਨਰ ਬਣ ਗਏ ਹਨ ਜਿਨ੍ਹਾਂ ਆਪਣਾ ਕਾਰਜਕਾਲ ਮੁਕੰਮਲ ਹੋਣ ਤੋਂ ਪਹਿਲਾਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ 1973 ’ਚ ਮੁੱਖ ਚੋਣ ਕਮਿਸ਼ਨਰ ਨਾਗੇਂਦਰ ਸਿੰਘ ਨੇ ਕੌਮਾਂਤਰੀ ਨਿਆਂ ਅਦਾਲਤ ਦਾ ਜੱਜ ਬਣਨ ਲਈ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। -ਪੀਟੀਆਈ