ਨਵੀਂ ਦਿੱਲੀ, 13 ਅਕਤੂਬਰ
ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਕੋਲ ਇੰਡੀਆ ਲਿਮਿਟਡ (ਸੀਆਈਐੱਲ) ਦੀਆਂ ਖਾਨਾਂ ਦਾ ਦੌਰਾ ਕੀਤਾ ਅਤੇ ਤਾਪ ਬਿਜਲੀ ਘਰਾਂ ਲਈ ਕੋਲਾ ਤਰਜੀਹੀ ਤੌਰ ’ਤੇ ਭੇਜਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਦੇਸ਼ ਦੇ ਕਈ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਘਾਟ ਹੈ ਜਿਸ ਕਾਰਨ ਕਈ ਸੂਬਿਆਂ ਵਿੱਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਇਸ ਹਾਲਾਤ ਵਿੱਚ ਕੋਲਾ ਮੰਤਰੀ ਨੇ ਕੋਲ ਇੰਡੀਆ ਲਿਮਿਟਡ ਦਾ ਦੌਰਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ‘ਛਤਿਸਗੜ੍ਹ ਦੇ ਕੋਰਬਾ ਵਿੱਚ ਦੀਪਕਾ ਕੋਲਾ ਖਾਨ ਦੇ ਸਲਾਈਡਿੰਗ ਯਾਰਡ ਦਾ ਨਿਰੀਖਣ ਕੀਤਾ ਤੇ ਸਲਾਈਡਿੰਗ ਯਾਰਡ ਵਿੱਚ ਕੋਲੇ ਦੇ ਸਟਾਕ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ। ਜ਼ਿਕਰਯੋਗ ਹੈ ਕਿ ਕੋਲ ਇੰਡੀਆ ਲਿਮਿਟਡ ਵੱਲੋਂ 80 ਫੀਸਦ ਕੋਲਾ ਥਰਮਲ ਪਲਾਂਟਾਂ ਨੂੰ ਭੇਜਿਆ ਜਾਂਦਾ ਹੈ। ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕੋਲ ਇੰਡੀਆ ਲਿਮਿਟਡ ਨੂੰ ਕੋਲੇ ਨੂੰ ਖਾਨਾਂ ਵਿੱਚੋਂ ਕੋਲਾ ਕੱਢਣ ਦਾ ਰੁਝਾਨ ਤੇਜ਼ ਕਰਨ ਦੇ ਹੁਕਮ ਦਿੱਤੇ ਅਤੇ ਸਪਲਾਈ ਵਿੱਚ ਵੀ ਤੇਜ਼ੀ ਲਿਆਉਣ ਲਈ ਕਿਹਾ। -ਪੀਟੀਆਈ