ਜੈਪੁਰ, 25 ਸਤੰਬਰ
ਰਾਜਸਥਾਨ ਕਾਂਗਰਸ ਵਿੱਚ ਅੱਜ ਉਸ ਸਮੇਂ ਸਿਆਸੀ ਸੰਕਟ ਖੜ੍ਹਾ ਹੋ ਗਿਆ, ਜਦੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਖ਼ੇਮੇ ਦੇ ਵਿਧਾਇਕਾਂ ਨੇ ਧਮਕੀ ਦਿੱਤੀ ਕਿ ਜੇਕਰ ਸਚਿਨ ਪਾਈਲਟ ਨੂੰ ਗਹਿਲੋਤ ਦਾ ਜਾਨਸ਼ੀਨ ਲਾਇਆ ਗਿਆ ਤਾਂ ਉਹ ਅਸਤੀਫ਼ੇ ਸੌਂਪ ਦੇਣਗੇ। ਇਸ ਧਮਕੀ ਮਗਰੋਂ ਗਹਿਲੋਤ ਦੀ ਰਿਹਾਇਸ਼ ’ਤੇ ਅਗਲੇ ਮੁੱਖ ਮੰਤਰੀ ਦੀ ਚੋਣ ਸਬੰਧੀ ਹੋਣ ਵਾਲੀ ਵਿਧਾਇਕ ਦਲ ਦੀ ਮੀਟਿੰਗ ਰੱਦ ਕਰ ਦਿੱਤੀ ਗਈ। ਗਹਿਲੋਤ ਖ਼ੇਮੇ ਦੇ ਵਿਧਾਇਕਾਂ ਨੇ ਦਾਅਵਾ ਕੀਤਾ ਕਿ 80 ਤੋਂ ਵੱਧ ਵਿਧਾਇਕ ਅਸਤੀਫ਼ੇ ਸੌੌਪਣ ਲਈ ਕੈਬਨਿਟ ਮੰਤਰੀ ਸ਼ਾਂਤੀ ਧਾਰੀਵਾਲ ਦੀ ਰਿਹਾਇਸ਼ ਤੋਂ ਬੱਸਾਂ ਅਤੇ ਨਿੱਜੀ ਵਾਹਨਾਂ ਰਾਹੀਂ ਵਿਧਾਨ ਸਭਾ ਸਪੀਕਰ ਸੀ.ਪੀ. ਜੋਸ਼ੀ ਦੇ ਘਰ ਪੁੱਜੇ ਹਨ। ਵਿਧਾਇਕਾਂ ਨੇ ਇਹ ਸੰਕੇਤ ਵੀ ਦਿੱਤਾ ਕਿ ਉਹ ਹਾਈ ਕਮਾਨ ਵੱਲੋਂ ਥੋਪਿਆ ਆਗੂ ਵੀ ਪ੍ਰਵਾਨ ਨਹੀਂ ਕਰਨਗੇ। ਇਸ ਤੋਂ ਪਹਿਲਾਂ ਵਿਧਾਇਕ ਮੰਤਰੀ ਸ਼ਾਂਤੀ ਧਾਰੀਵਾਲ ਦੇ ਘਰ ਤਿੰਨ ਘੰਟਿਆਂ ਤੱਕ ਰਹੇ, ਤੇ ਮਗਰੋਂ ਗਹਿਲੋਤ ਦੀ ਹਮਾਇਤ ਵਿਚ ਸਪੀਕਰ ਸੀਪੀ ਜੋਸ਼ੀ ਨੂੰ ਮਿਲੇ।
ਉਧਰ, ਜੈਸਲਮੇਰ ’ਚ ਅਸ਼ੋਕ ਗਹਿਲੋਤ ਇਸ ਘਟਨਾਕ੍ਰਮ ਨੂੰ ਲੈ ਕੇ ਪੂਰੀ ਤਰ੍ਹਾਂ ਸ਼ਾਂਤ ਦਿਖਾਈ ਦਿੱਤੇ। ਉਨ੍ਹਾਂ ਤਨੋਟ ਮਾਤਾ ਮੰਦਰ ’ਚ ਮੱਥਾ ਟੇਕਣ ਮਗਰੋਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਮੌਕਾ ਮਿਲਣਾ ਚਾਹੀਦਾ ਹੈ। -ਪੀਟੀਆਈ