ਨਵੀਂ ਦਿੱਲੀ, 10 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਆਲੋਚਕ ਵੀ ਇਹ ਮੰਨਦੇ ਹਨ ਕਿ ਕੇਂਦਰੀ ਕੈਬਨਿਟ ਕਦੇ ਵੀ ਐਨੇ ਲੋਕਤੰਤਰਿਕ ਢੰਗ ਨਾਲ ਨਹੀਂ ਚੱਲੀ ਜਿਵੇਂ ਕਿ ਮੋਦੀ ਸਰਕਾਰ ਵਿਚ ਚੱਲ ਰਹੀ ਹੈ। ਮੋਦੀ ’ਤੇ ਤਾਨਾਸ਼ਾਹ ਹੋਣ ਦੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਸ਼ਾਹ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਪ੍ਰਧਾਨ ਮੰਤਰੀ ਵਰਗਾ ‘ਸੰਜਮ ਨਾਲ ਸੁਣਨ ਵਾਲਾ ਆਗੂ’ ਨਹੀਂ ਦੇਖਿਆ। ਉਹ ਸਾਰਿਆਂ ਵੱਲੋਂ ਦਿੱਤੇ ਸੁਝਾਅ ਸੁਣਦੇ ਹਨ ਤੇ ਅਹਿਮੀਅਤ ਦਿੰਦੇ ਹਨ। ਕਦੇ ਵੀ ਕਿਸੇ ਦੇ ਅਹੁਦੇ ਜਾਂ ਰੁਤਬੇ ਦੇ ਹਿਸਾਬ ਨਾਲ ਅਜਿਹਾ ਨਹੀਂ ਕਰਦੇ। ਇਕ ਟੀਵੀ ਇੰਟਰਵਿਊ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਮੋਦੀ ਸਿਆਸੀ ਜੋਖ਼ਮ ਲੈਣ ਤੋਂ ਨਹੀਂ ਝਿਜਕਦੇ ਤੇ ਦੇਸ਼ ਹਿੱਤ ਵਿਚ ਫ਼ੈਸਲੇ ਲੈਂਦੇ ਹਨ। ਦੇਸ਼ ਦੀ ਭਲਾਈ ਲਈ ਕਈ ਵਾਰ ਕੌੜੇ ਫ਼ੈਸਲੇ ਵੀ ਲੈਣੇ ਪੈਂਦੇ ਹਨ। ਵਿਰੋਧੀ ਧਿਰ ਵੱਲੋਂ ਲਾਏ ਦੋਸ਼ਾਂ ਕਿ ਮੋਦੀ ਸਾਰੇ ਫ਼ੈਸਲੇ ਖ਼ੁਦ ਲੈਂਦੇ ਹਨ, ’ਤੇ ਸ਼ਾਹ ਨੇ ਕਿਹਾ ਕਿ ਉਹ ‘ਲੋਕਤੰਤਰਿਕ ਆਗੂ’ ਹਨ। ਸਾਰਿਆਂ ਨੂੰ ਧੀਰਜ ਨਾਲ ਸੁਣਦੇ ਹਨ। ਸ਼ਾਹ ਨੇ ਕਿਹਾ ਕਿ ਉਨ੍ਹਾਂ ਮੋਦੀ ਦੇ ਕੰਮ ਕਰਨ ਦੇ ਢੰਗ ਨੂੰ ਨੇੜਿਓਂ ਦੇਖਿਆ ਹੈ। ਉਹ ਸਾਰੇ ਸੁਝਾਅ ਸੁਣ ਕੇ ਧੀਰਜ ਨਾਲ ਫ਼ੈਸਲੇ ਲੈਂਦੇ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਫ਼ੈਸਲੇ ਥੋਪਦੇ ਨਹੀਂ ਹਨ। ਸ਼ਾਹ ਨੇ ਕਿਹਾ ਕਿ ਮੋਦੀ ਅਨੁਸ਼ਾਸਨ ਨੂੰ ਪਹਿਲ ਦਿੰਦੇ ਹਨ। -ਪੀਟੀਆਈ