ਨਵੀਂ ਦਿੱਲੀ, 17 ਮਈ
ਭਾਰਤ ਵਿੱਚ ਪੈਟਰੋਲ ਹਾਂਗਕਾਂਗ, ਜਰਮਨੀ ਅਤੇ ਬਰਤਾਨੀਆ ਵਰਗੇ ਦੇਸ਼ਾਂ ਦੇ ਮੁਕਾਬਲੇ ਸਸਤਾ ਹੈ ਪਰ ਚੀਨ, ਬ੍ਰਾਜ਼ੀਲ, ਜਾਪਾਨ, ਅਮਰੀਕਾ, ਰੂਸ, ਪਾਕਿਸਤਾਨ ਅਤੇ ਸ੍ਰੀਲੰਕਾ ਵਰਗੇ ਦੇਸ਼ਾਂ ਦੇ ਮੁਕਾਬਲੇ ਮਹਿੰਗਾ ਹੈ। ਬੀਓਬੀ ਇਕਨੌਮਿਕਸ ਦੀ ਖੋਜ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਭਾਰਤ ਵਿੱਚ ਤੇਲ ਦੀਆਂ ਵਧਦੀਆਂ ਕੀਮਤਾਂ ਵਿਚਾਲੇ ਇਸ ਗੱਲ ’ਤੇ ਬਹਿਸ ਚੱਲ ਰਹੀ ਹੈ ਕਿ ਰਾਜ ਜਾਂ ਕੇਂਦਰ ’ਚੋਂ ਕਿਸ ਨੂੰ ਟੈਕਸਾਂ ਵਿੱਚ ਕਟੌਤੀ ਕਰਨੀ ਚਾਹੀਦੀ ਹੈ। ਤੇਲ ਦੀਆਂ ਕੀਮਤਾਂ ਵਿੱਚ ਵਾਧਾ ਮੁੱਖ ਤੌਰ ’ਤੇ ਕੌਮੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਹੋਇਆ ਹੈ। ਇਸ ਤੋਂ ਇਲਾਵਾ ਡਾਲਰ ਦੀ ਕੀਮਤ ਵਧਣ ਕਾਰਨ ਵੀ ਕੱਚੇ ਤੇਲ ਦੀ ਦਰਾਮਦ ਮਹਿੰਗੀ ਹੋਈ ਹੈ। ਬੀਓਬੀ ਦੀ ਆਰਥਿਕ ਖੋਜ ਰਿਪੋਰਟ ਵਿੱਚ 9 ਮਈ ਨੂੰ ਵੱਖ-ਵੱਖ ਦੇਸ਼ਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਦਾ ਤੁਲਨਾਤਮਕ ਅਧਿਐਨ ਕੀਤਾ ਗਿਆ ਹੈ। ਦੁਨੀਆਂ ਦੇ 106 ਦੇਸ਼ਾਂ ’ਚੋਂ ਮਿਲੇ ਅੰਕੜਿਆਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਪੈਟਰੋਲ ਦੀ ਕੀਮਤ 1.35 ਡਾਲਰ ਪ੍ਰਤੀ ਲਿਟਰ ਹੈ ਅਤੇ ਇਹ ਇਸ ਸੂਚੀ ਵਿੱਚ 42ਵੇਂ ਸਥਾਨ ’ਤੇ ਹੈ। ਇਸ ਤਰ੍ਹਾਂ 50 ਤੋਂ ਵੱਧ ਦੇਸ਼ਾਂ ਵਿੱਚ ਪੈਟਰੋਲ ਦੀ ਕੀਮਤ ਭਾਰਤ ਨਾਲੋਂ ਵੀ ਵੱਧ ਹੈ। ਰਿਪੋਰਟ ਕਹਿੰਦੀ ਹੈ, ‘‘ਇਹ ਅੰਕੜੇ ਦੇਖ ਕੇ ਕੁਝ ਰਾਹਤ ਮਿਲਦੀ ਹੈ ਕਿ ਸਿਰਫ ਭਾਰਤ ਵਿੱਚ ਹੀ ਪੈਟਰੋਲ ਇੰਨਾ ਮਹਿੰਗਾ ਨਹੀਂ ਹੈ।’’ ਰਿਪੋਰਟ ਮੁਤਾਬਕ ਭਾਰਤ ਵਿੱਚ ਤੇਲ ਦੀਆਂ ਕੀਮਤਾਂ ਆਸਟਰੇਲੀਆ, ਤੁਰਕੀ ਅਤੇ ਦੱਖਣੀ ਕੋਰੀਆ ਦੇ ਬਰਾਬਰ ਹਨ। ਹਾਂਗਕਾਂਗ, ਫਿਨਲੈਂਡ, ਜਰਮਨੀ, ਇਟਲੀ, ਨੈਦਰਲੈਂਡਜ਼, ਫਰਾਂਸ, ਪੁਰਤਗਾਲ ਤੇ ਨਾਰਵੇ ਤੋਂ ਘੱਟ ਹਨ ਅਤੇ ਵੀਅਤਨਾਮ, ਕੀਨੀਆ, ਯੂਕਰੇਨ, ਬੰਗਲਾਦੇਸ਼, ਨੇਪਾਲ, ਪਾਕਿਸਤਾਨ, ਸ੍ਰੀਲੰਕਾ ਅਤੇ ਵੈਨਜ਼ੁਏਲਾ ਤੋਂ ਵੱਧ ਹਨ। ਪ੍ਰਮੁੱਖ ਤੇਲ ਉਤਪਾਦਕ ਦੇਸ਼ਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਮੁਕਾਬਲਤਨ ਬਹੁਤ ਘੱਟ ਹਨ। ਰਿਪੋਰਟ ਅਨੁਸਾਰ, “ਭਾਰਤ ਵਿੱਚ ਪੈਟਰੋਲ ਦੀ ਕੀਮਤ ਹੁਣ ਬਹੁਤੀ ਜ਼ਿਆਦਾ ਨਹੀਂ ਜਾਪਦੀ। ਹਾਲਾਂਕਿ, ਜਦੋਂ ਇਸ ਨੂੰ ਪ੍ਰਤੀ ਵਿਅਕਤੀ ਆਮਦਨ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਜ਼ਿਆਦਾ ਕੀਮਤ ਵਾਲੇ ਬਹੁਤੇ ਦੇਸ਼ਾਂ ਵਿੱਚ ਪ੍ਰਤੀ ਵਿਅਕਤੀ ਆਮਦਨ ਭਾਰਤ ਦੇ ਮੁਕਾਬਲੇ ਕਾਫੀ ਵੱਧ ਹੈ।’’ਫਿਲੀਪੀਨਜ਼ ਦੀ ਉਦਾਹਰਨ ਦਿੰਦੇ ਹੋਏ ਕਿਹਾ ਗਿਆ ਹੈ ਕਿ ਉੱਥੇ ਪੈਟਰੋਲ ਦੀ ਕੀਮਤ ਭਾਰਤ ਦੇ ਬਰਾਬਰ ਹੈ ਪਰ ਇਸ ਦੀ ਪ੍ਰਤੀ ਵਿਅਕਤੀ ਆਮਦਨ ਭਾਰਤ ਦੇ ਮੁਕਾਬਲੇ 50 ਫੀਸਦੀ ਜ਼ਿਆਦਾ ਹੈ। -ਪੀਟੀਆਈ