ਨਵੀਂ ਦਿੱਲੀ, 22 ਨਵੰਬਰ
ਸਰਕਾਰ ਨੇ ਪੋਸਟ ਗ੍ਰੈਜੂਏਟ ਆਯੁਰਵੈਦ ਡਾਕਟਰਾਂ ਨੂੰ ਟਿਊਮਰ, ਨੱਕ ਤੇ ਅੱਖਾਂ ਨਾਲ ਜੁੜੇ ਸਰਜੀਕਲ ਅਪਰੇਸ਼ਨਾਂ ਲਈ ਸਿਖਲਾਈ ਦੇਣ ਦੀ ਖੁੱਲ੍ਹ ਦੇ ਦਿੱਤੀ ਹੈ। ਆਯੂਸ਼ ਮੰਤਰਾਲੇ ਅਧੀਨ ਆਊਂਦੀ ਭਾਰਤੀ ਮੈਡੀਸਨ ਬਾਰੇ ਕੇਂਦਰੀ ਕੌਂਸਲ (ਸੀਸੀਆਈਐੱਮ) ਨੇ 20 ਨਵੰਬਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਵਿੱਚ 39 ਜਨਰਲ ਸਰਜਰੀਆਂ ਨੂੰ ਸੂਚੀਬੰਦ ਕੀਤਾ ਗਿਆ ਸੀ। ਉਧਰ ਮਾਡਰਨ ਮੈਡੀਸਨ ਡਾਕਟਰਾਂ ਦੀ ਸਿਖਰਲੀ ਜਥੇਬੰਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਸਰਕਾਰ ਦੀ ਇਸ ਪੇਸ਼ਕਦਮੀ ਦਾ ਵਿਰੋਧ ਕਰਦਿਆਂ ਇਸ ਨੂੰ ਊਲਟ ਦਿਸ਼ਾ ’ਚ ਚੁੱਕਿਆ ਕਦਮ ਕਰਾਰ ਦਿੱਤਾ ਹੈ। ਆਈਐੱਮਏ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਪੂਰਾ ਪ੍ਰਬੰਧ ਰਲਗੱਡ ਹੋ ਜਾਵੇਗਾ। ਆਈਐੱਮਏ ਨੇ ਇਹ ਹੁਕਮ ਵਾਪਸ ਲੈਣ ਦੀ ਮੰਗ ਕਰਦਿਆਂ ਆਯੂਸ਼ ਮੰਤਰਾਲੇ ਅਧੀਨ ਆਊਂਦੀ ਸੰਵਿਧਾਨਕ ਸੰਸਥਾ ਭਾਰਤੀ ਦਵਾਈਆਂ ਦੀ ਕੇਂਦਰੀ ਕੌਂਸਲ (ਸੀਸੀਆਈਐੱਮ) ਨੂੰ ਅਪੀਲ ਕੀਤੀ ਕਿ ਊਹ ਪੁਰਾਣੀ ਪ੍ਰਣਾਲੀ ਵਿੱਚੋਂ ਸਰਜਰੀ ਦੀ ਆਪਣੀ ਕੋਈ ਤਕਨੀਕ ਵਿਕਸਤ ਕਰਨ ਅਤੇ ਆਧੁਨਿਕ ਮੈਡੀਸਨ ਦੀਆਂ ਸਰਜਰੀ ਤਕਨੀਕਾਂ ’ਤੇ ਆਪਣਾ ਦਾਅਵਾ ਨਾ ਕਰਨ। -ਪੀਟੀਆਈ