ਲਖਨਊ, 2 ਨਵੰਬਰ
ਕਾਂਗਰਸ ਆਗੂ ਸਚਿਨ ਪਾਇਲਟ ਨੇ ਅੱਜ ਕਿਹਾ ਕਿ ਪਾਰਟੀ ਯੂਪੀ ਵਿਚ ‘ਬਦਲ’ ਵਜੋਂ ਉੱਭਰ ਰਹੀ ਹੈ ਤੇ ਸੂਬੇ ਦੇ ਲੋਕ ਅਸਲ ਬਦਲਾਅ ਚਾਹੁੰਦੇ ਹਨ, ਸਮਾਜਵਾਦੀ ਤੇ ਬਹੁਜਨ ਸਮਾਜ ਪਾਰਟੀ ਕੋਲੋਂ ‘ਉਹੀ ਪਹਿਲਾਂ ਵਾਲਾ ਰਾਜ ਨਹੀਂ ਚਾਹੁੰਦੇ।’ ਰਾਜਸਥਾਨ ਦੇ ਆਗੂ ਨੇ ਕਿਹਾ ਕਿ ਕਾਂਗਰਸ ਅਗਾਮੀ ਚੋਣਾਂ ਵਿਚ ਆਪਣੇ ਪ੍ਰਦਰਸ਼ਨ ਨਾਲ ਹੈਰਾਨ ਕਰੇਗੀ। ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਸਿਰਫ਼ ਸੱਤ ਸੀਟਾਂ ਜਿੱਤੀਆਂ ਸਨ। ਰਾਜਸਥਾਨ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਪਾਰਟੀ ਨੇ ਅਜੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਪਰ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਚੋਣ ਮੁਹਿੰਮ ਦੀ ਅਗਵਾਈ ਕਰੇਗੀ। ਸਚਿਨ ਪਾਇਲਟ ਨੇ ਕਿਹਾ ਕਿ ਕਾਂਗਰਸ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਭਾਜਪਾ ਸਰਕਾਰ ਦੀਆਂ ਨੀਤੀਆਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ।
ਕਿਸਾਨਾਂ ਦੇ ਸੰਘਰਸ਼ ਦੇ ਮੁੱਦੇ ’ਤੇ ਪਾਇਲਟ ਨੇ ਕਿਹਾ ਕਿ ਸਾਲ ਹੋ ਚੱਲਾ ਹੈ ਪਰ ਭਾਜਪਾ ਸਰਕਾਰ ਮੁਜ਼ਾਹਰਾਕਾਰੀਆਂ ਨਾਲ ਸਹਿਮਤੀ ਨਹੀਂ ਬਣਾ ਸਕੀ ਤੇ ਨਾ ਹੀ ਕਾਨੂੰਨ ਵਾਪਸ ਲਏ ਗਏ ਹਨ। ਇਸ ਪਿੱਛੇ ਬਹੁਤ ਸਾਰੀ ਹਊਮੈ ਤੇ ਨਿੱਜੀ ਹਿੱਤ ਲੁਕੇ ਹੋਏ ਹਨ। ਹੁਣ ਸਰਕਾਰ ਕਿਸਾਨਾਂ ਨੂੰ ਪਾਸੇ ਕਰਨ ਲਈ ਜੋ ਹੋ ਸਕਦਾ ਹੈ, ਕਰ ਰਹੀ ਹੈ। ਲਖੀਮਪੁਰ ਹਿੰਸਾ ਦੇ ਮਾਮਲੇ ’ਤੇ ਸਚਿਨ ਨੇ ਕਿਹਾ ਕਿ ਅਜੈ ਮਿਸ਼ਰਾ ਦੇ ਮੰਤਰੀ ਹੁੰਦਿਆਂ ਹੋਇਆਂ ਨਿਰਪੱਖ ਜਾਂਚ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਸਚਿਨ ਨੇ ਕਿਹਾ ਕਿ ਇਕੋ-ਇਕ ਸਿਆਸੀ ਧਿਰ ਜਿਹੜੀ ਭਾਜਪਾ ਨੂੰ ਅਸਲ ਚੁਣੌਤੀ ਦੇ ਸਕਦੀ ਹੈ, ਉਹ ਕਾਂਗਰਸ ਹੈ। ਹੋਰ ਕੋਈ ਪਾਰਟੀ ਅਜਿਹਾ ਕਰਨ ਦੇ ਯੋਗ ਨਹੀਂ ਹੈ।
ਸਚਿਨ ਨੇ ਕਿਹਾ ਕਿ ਜਿਸ ਤਰ੍ਹਾਂ ਦੀਆਂ ਰੈਲੀਆਂ ਪ੍ਰਿਯੰਕਾ ਗਾਂਧੀ ਨੇ ਵਾਰਾਨਸੀ ਤੇ ਗੋਰਖਪੁਰ ਵਿਚ ਕੀਤੀਆਂ ਹਨ, ਉਹ ਸਪੱਸ਼ਟ ਸੰਕੇਤ ਹਨ ਕਿ ਲੋਕ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਮੁੱਦੇ ਕਾਂਗਰਸ ਉਠਾ ਰਹੀ ਹੈ, ਲੋਕ ਉਨ੍ਹਾਂ ਦੀ ਹਮਾਇਤ ਕਰ ਰਹੇ ਹਨ। -ਪੀਟੀਆਈ