ਨਵੀਂ ਦਿੱਲੀ, 13 ਜੁਲਾਈ
ਮੁੱਖ ਅੰਸ਼
- ਹਿੱਲ ਸਟੇਸ਼ਨਾਂ/ਬਾਜ਼ਾਰਾਂ ’ਚ ਜੁੜਦੀਆਂ ਭੀੜਾਂ ’ਤੇ ਫ਼ਿਕਰਮੰਦੀ ਜਤਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੱਲ ਸਟੇਸ਼ਨਾਂ ਤੇ ਮਾਰਕੀਟਾਂ ਵਿੱਚ ਵੱਡੀ ਗਿਣਤੀ ਲੋਕਾਂ ਦੇ ਬਿਨਾਂ ਮਾਸਕਾਂ ਤੇ ਸਮਾਜਿਕ ਦੂਰੀ ਨੇਮਾਂ ਦੀ ਉਲੰਘਣਾ ਕਰਦਿਆਂ ਇਕੱਠੇ ਹੋਣ ਤੇ 90 ਜ਼ਿਲ੍ਹਿਆਂ ’ਚ ਕੋਵਿਡ-19 ਕੇਸਾਂ ਦੀ ਵਧਦੀ ਗਿਣਤੀ ’ਤੇ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾਵਾਇਰਸ ਦੀ ਤੀਜੀ ਲਹਿਰ ਨੂੰ ਫੈਲਣ ਤੋਂ ਰੋਕਣ ਲਈ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤਣ। ਉਨ੍ਹਾਂ ਕਿਹਾ ਕਿ ਕੋਵਿਡ-19 ਨੇਮਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਨੂੰ ਲਗਾਤਾਰ ਵਧਾਉਣ ’ਤੇ ਜ਼ੋਰ ਦਿੰਦਿਆਂ ਕਿਹਾ, ‘‘ਜੇ ਅਸੀਂ ਚੌਕਸ ਰਹਿ ਕੇ ਸਾਰੀਆਂ ਸਾਵਧਾਨੀਆਂ ਵਰਤਲਈਆਂ ਤਾਂ ਅਸੀਂ ਤੀਜੀ ਲਹਿਰ ਨੂੰ ਰੋਕਣ ਦੇ ਸਮਰੱਥ ਹੋ ਜਾਵਾਂਗੇ…ਇਸ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।’’ ਪ੍ਰਧਾਨ ਮੰਤਰੀ ਇਥੇ ਅੱਠ ਉੱਤਰ-ਪੂਰਬੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਨੇ ਕਿਹਾ ਕਿ ਖੇਤਰ ਦੇ ਕੁਝ ਜ਼ਿਲ੍ਹਿਆਂ ਵਿੱਚ ਕੋਵਿਡ-19 ਹਾਲਾਤ ਚਿੰਤਾਜਨਕ ਹਨ। ਉਨ੍ਹਾਂ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਚੌਕਸ ਰਹਿਣ ਤੇ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਫੌਰੀ ਕਦਮ ਚੁੱਕਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਇਰਸ ਨੂੰ ਫੈਲਣ ਤੋਂ ਰੋੋਕਣ ਲਈ ਬਹੁਤ ਹੇਠਲੇ ਪੱਧਰ ’ਤੇ ਸਖ਼ਤ ਪੇਸ਼ਕਦਮੀ ਦੀ ਲੋੜ ਹੈ। ਉਨ੍ਹਾਂ ਮਾਈਕਰੋ-ਕੰਟੇਨਮੈਂਟ ਜ਼ੋਨਾਂ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਕਰੋਨਾਵਾਇਰਸ ਦੇ ਤੇਜ਼ੀ ਨਾਲ ਬਦਲੇ ਰੂਪਾਂ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨੇ ਸਲਾਹ ਦਿੱਤੀ ਕਿ ਕੋਵਿਡ-19 ਵਾਇਰਸ ਦੀਆਂ ਸਾਰੀਆਂ ਕਿਸਮਾਂ ਤੇ ਇਨ੍ਹਾਂ ਵਿਚ ਆਉਂਦੇ ਬਦਲਾਵਾਂ ’ਤੇ ਸਖ਼ਤੀ ਨਾਲ ਨਜ਼ਰ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ, ਮਾਸਕ ਤੇ ਵੈਕਸੀਨ ਅਤੇ ਟੈਸਟਿੰਗ, ਟਰੈਕਿੰਗ ਤੇ ਟਰੀਟਮੈਂਟ ਦਾ ਰਾਹ ਠੋਕ ਵਜਾ ਕੇ ਪਰਖੀ ਰਣਨੀਤੀ ਹੈ। ਸ੍ਰੀ ਮੋਦੀ ਨੇ ਕਿਹਾ, ‘‘ਇਹ ਗੱਲ ਸੱਚ ਹੈ ਕਿ ਸੈਰ-ਸਪਾਟਾ, ਵਪਾਰ ਤੇ ਕਾਰੋਬਾਰਾਂ ਨੂੰ ਕਰੋਨਾਵਾਇਰਸ ਕਰਕੇ ਵੱਡੀ ਮਾਰ ਪਈ ਹੈ। ਪਰ ਅੱਜ ਮੈਂ ਇਹ ਗੱਲ ਜ਼ੋਰ ਦੇ ਕੇ ਕਹਾਂਗਾ ਕਿ ਹਿੱਲ ਸਟੇਸ਼ਨਾਂ ਤੇ ਬਾਜ਼ਾਰਾਂ ਵਿੱਚ ਵੱਡੀ ਗਿਣਤੀ ਲੋਕਾਂ ਦਾ ਬਿਨਾਂ ਮਾਸਕਾਂ ਤੋਂ ਜੁੜਨਾ ਫ਼ਿਕਰਮੰਦੀ ਦਾ ਵਿਸ਼ਾ ਹੈ ਤੇ ਇਹ ਵਰਤਾਰਾ ਠੀਕ ਨਹੀਂ ਹੈ।’’ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰਕ ਤੋਂ ਦੂਰ ਰਹਿਣ ਕੇ ‘ਕਰੋਨਾਵਾਇਰਸ ਦੀ ਤੀਜੀ ਲਹਿਰ ਤੋਂ ਪਹਿਲਾਂ ਅਨੰਦ ਲੈਣਾ ਚਾਹੁੰਦੇ ਹਾਂ।’ ਉਨ੍ਹਾਂ ਕਿਹਾ, ‘ਲੋਕਾਂ ਨੂੰ ਇਹ ਗੱਲ ਸਮਝਾਉਣੀ ਜ਼ਰੂਰੀ ਹੈ ਕਿ ਤੀਜੀ ਲਹਿਰ ਖ਼ੁਦ ਬਖੁ਼ਦ ਨਹੀਂ ਆਏਗੀ।’’ -ਪੀਟੀਆਈ
ਪ੍ਰਧਾਨ ਮੰਤਰੀ ਛੇ ਮੁੱਖ ਮੰਤਰੀਆਂ ਨਾਲ ਕਰਨਗੇ ਕਰੋਨਾ ਹਾਲਾਤ ’ਤੇ ਚਰਚਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਮਿਲ ਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ, ਉੜੀਸ਼ਾ, ਮਹਾਰਾਸ਼ਟਰ ਅਤੇ ਕੇਰਲਾ ਵਿਚ ਕਰੋਨਾਵਾਇਰਸ ਦੇ ਕੇਸਾਂ ਬਾਰੇ ਇਨ੍ਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ 16 ਜੁਲਾਈ ਨੂੰ ਚਰਚਾ ਕਰਨਗੇ। ਇਸ ਸੂਬਿਆਂ ਵਿਚ ਕਈ ਜ਼ਿਲ੍ਹਿਆਂ ਵਿਚ ਕਰੋਨਾ ਦੇ ਮਾਮਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਇਨ੍ਹਾਂ ਸੂਬਿਆਂ ਵਿਚ ਕਈ ਥਾਈਂ ਕੇਸਾਂ ਦੀ ਦਰ ਵਿਚ ਉਸ ਤਰ੍ਹਾਂ ਕਮੀ ਨਹੀਂ ਆਈ ਜਿਵੇਂ ਮੁਲਕ ਦੇ ਦੂਜੇ ਸੂਬਿਆਂ ਵਿਚ ਆਈ ਹੈ। ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨੇ ਉੱਤਰ-ਪੂਰਬੀ ਅੱਠ ਸੂਬਿਆਂ ਦੇ ਮੁੱਖ ਮੰਤਰੀ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਚਰਚਾ ਕੀਤੀ। ਉਨ੍ਹਾਂ ਜ਼ੋਰ ਦਿੱਤਾ ਕਿ ਕਰੋਨਾ ਮਹਾਮਾਰੀ ਦੇ ਖ਼ਾਤਮੇ ਤਕ ਟੀਕਾਕਰਨ ਮੁਹਿੰਮ ਜਾਰੀ ਰਹਿਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਪਹਾੜੀ ਖੇਤਰਾਂ ਅਤੇ ਬਾਜ਼ਾਰਾਂ ਵਿਚ ਵੱਡੀ ਗਿਣਤੀ ਲੋਕ ਬਿਨਾਂ ਮਾਸਕ ਤੋਂ ਘੁੰਮਦੇ ਹਨ। -ਪੀਟੀਆਈ