ਜੰਮੂ, 29 ਨਵੰਬਰ
ਪਾਕਿਸਤਾਨੀ ਰੇਂਜਰਾਂ ਨੇ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਕੌਮਾਂਤਰੀ ਸਰਹੱਦ ’ਤੇ ਪੈਂਦੀਆਂ ਅਗਾਊਂ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਉਂਦਿਆਂ ਬਿਨਾਂ ਭੜਕਾਹਟ ਦੇ ਗੋਲੀਬਾਰੀ ਕੀਤੀ। ਗੋਲੀਬਾਰੀ ਸ਼ਨਿਚਰਵਾਰ ਰਾਤ 9 ਵਜ ਕੇ 50 ਮਿੰਟ ’ਤੇ ਹੀਰਾਨਗਰ ਸੈਕਟਰ ਦੇ ਪੰਸਾਰ, ਮਨਯਾਰੀ ਅਤੇ ਕਰੋਲ ਕ੍ਰਿਸ਼ਨਾ ’ਚ ਕੀਤੀ ਗਈ ਜਿਸ ਦਾ ਬੀਐੱਸਐੱਫ ਦੇ ਜਵਾਨਾਂ ਨੇ ਢੁੱਕਵਾਂ ਜਵਾਬ ਦਿੱਤਾ। ਅਧਿਕਾਰੀਆਂ ਮੁਤਾਬਕ ਦੋਵੇਂ ਪਾਸਿਆਂ ਤੋਂ ਗੋਲੀਬਾਰੀ ਐਤਵਾਰ ਸਵੇਰੇ 4 ਵਜ ਕੇ 15 ਮਿੰਟ ਤੱਕ ਜਾਰੀ ਰਹੀ। ਮਨਯਾਰੀ ਪਿੰਡ ਦੇ ਵਸਨੀਕ ਧਰਮ ਪਾਲ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਵੱਲੋਂ ਹਰ ਰੋਜ਼ ਗੋਲੀਬਾਰੀ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਰਾਤ ਬੰਕਰਾਂ ’ਚ ਗੁਜ਼ਾਰਨੀ ਪੈਂਦੀ ਹੈ। ਉਸ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਪਾਕਿਸਤਾਨ ਦੀ ਗੋਲਾਬਾਰੀ ਕਾਰਨ ਪਿੰਡ ਦੇ ਕਰੀਬ ਦਰਜਨ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਡਰੋਨ ਵੱਲੋਂ ਘੁਸਪੈਠ ਦੀ ਕੋਸ਼ਿਸ: ਇਸ ਦੌਰਾਨ ਬੀਐੱਸਐੱਫ ਨੇ ਸ਼ੱਕੀ ਡਰੋਨ ’ਤੇ ਗੋਲੀਬਾਰੀ ਕੀਤੀ ਜੋ ਅਰਨੀਆ ਸੈਕਟਰ ’ਚ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਗੋਲੀਬਾਰੀ ਹੋਣ ’ਤੇ ਡਰੋਨ ਤੁਰੰਤ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ। -ਪੀਟੀਆਈ