ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਅਪਰੈਲ
ਦਿੱਲੀ ਹਾਈ ਕੋਰਟ ਨੇ ਅੱਜ ਆਕਸੀਜਨ ਦੀ ਘਾਟ ਸਬੰਧੀ ਦਾਇਰ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਚਿਤਾਵਨੀ ਦਿੱਤੀ ਕਿ ਹਸਪਤਾਲਾਂ ਨੂੰ ਆਕਸੀਜਨ ਸਪਲਾਈ ’ਚ ਜੋ ਕੋਈ ਵੀ ਵਿਘਨ ਪਾਏਗਾ ਉਸ ਨੂੰ ਉਹ ਫਾਹੇ ਲਟਕਾਉਣਗੇ। ਅਦਾਲਤ ਨੇ ਨਾਲ ਹੀ ਅਗਲੇ ਮਹੀਨੇ ਕੋਵਿਡ-19 ਦੀ ਸੰਭਾਵੀ ਸਿਖਰ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਕਰੋਨਾਵਾਇਰਸ ਨਾਲ ਨਜਿੱਠਣ ਦੀਆਂ ਤਿਆਰੀ ਬਾਰੇ ਪੁੱਛਿਆ ਤੇ ਕਿਹਾ ਕਿ ਕਰੋਨਾ ਮਰੀਜ਼ਾਂ ਦੇ ਭਾਰੀ ਵਾਧੇ ਕਾਰਨ ਇਹ ਲਹਿਰ ਨਹੀਂ ‘ਸੁਨਾਮੀ’ ਹੈ।
ਜਸਟਿਸ ਵਿਪਨ ਸਾਂਘੀ ਤੇ ਰੇਖਾ ਪੱਲੀ ਦੇ ਬੈਂਚ ਨੇ ਅੱਜ ਛੁੱਟੀ ਵਾਲੇ ਦਿਨ ਮਹਾਰਾਜਾ ਅਗਰਸੈਨ, ਜੈਪੁਰ ਗੋਲਡਨ, ਬੱਤਰਾ ਹਸਪਤਾਲ ਤੇ ਸਰੋਜ ਸੁਪਰ ਸਪੈਸ਼ਲਿਟੀ ਹਸਪਤਾਲਾਂ ਵੱਲੋਂ ਪਾਈਆਂ ਅਰਜ਼ੀਆਂ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਜੋ ਕੋਈ ਵੀ ਹਸਪਤਾਲਾਂ ਨੂੰ ਹੋਣ ਆਕਸੀਜਨ ਗੈਸ ਦੀ ਸਪਲਾਈ ’ਚ ਰੁਕਾਵਟ ਪਾਵੇਗਾ ਤਾਂ ਉਸ ਨੂੰ ਫਾਹੇ ਲਾ ਦਿੱਤਾ ਜਾਵੇਗਾ। ਅਦਾਲਤ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਉਹ ਕੇਂਦਰ, ਰਾਜ ਜਾਂ ਸਥਾਨਕ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਵੱਲੋਂ ਸਪਲਾਈ ਰੋਕਣ ਬਾਰੇ ਦੱਸੇ ਤੇ ਕੇਂਦਰ ਸਰਕਾਰ ਨੂੰ ਸੂਚਿਤ ਕਰੇ ਤਾਂ ਜੋ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ। ਅਦਾਲਤ ਨੇ ਕਿਹਾ ਕਿ ਵਾਇਰਲ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਘੱਟ ਹੈ। ਜਿਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਤਾਕਤ ਘੱਟ ਹੈ ਉਨ੍ਹਾਂ ਦੀ ਮੌਤ ਹੋ ਸਕਦੀ ਹੈ ਪਰ ਮੁਸ਼ਕਲ ਇਹ ਹੈ ਕਿ ਬਚਾਏ ਜਾ ਸਕਣ ਵਾਲੇ ਲੋਕ ਵੀ ਮਰ ਰਹੇ ਹਨ। ਇਸ ਲਈ ਮੌਤ ਦਰ ਘਟਾਉਣਾ ਬਹੁਤ ਜ਼ਰੂਰੀ ਹੈ। ਆਈਆਈਟੀ ਕਾਨਪੁਰ ਦੇ ਵਿਗਿਆਨੀਆਂ ਵੱਲੋਂ ਕੀਤੇ ਅਧਿਐਨ ਦੇ ਆਧਾਰ ’ਤੇ ਅਦਾਲਤ ਨੇ ਕਿਹਾ ਕਿ ਕੋਵਿਡ ਦੀ ਇਸ ਲਹਿਰ ਦਾ ਸਿਖ਼ਰ ਮਈ ਦੇ ਅੱਧ ’ਚ ਆਵੇਗਾ ਤਾਂ ਉਸ ਨਾਲ ਨਜਿੱਠਣ ਲਈ ਕੀ ਤਿਆਰੀ ਕੀਤੀ ਗਈ ਹੈ। ਅਦਾਲਤ ਨੇ ਕੇਂਦਰ ਤੋਂ ਸਿਹਤ ਸਹੂਲਤਾਂ ਦੇ ਬੁਨਿਆਦੀ ਢਾਂਚੇ ਅਤੇ ਆਕਸੀਜਨ ਦੇ ਪ੍ਰਬੰਧ ਬਾਰੇ ਪੁੱਛਿਆ। ਸਰਕਾਰੀ ਵਕੀਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਮਈ ਜਾਂ ਜੂਨ ’ਚ ਕੇਸ ਵੱਧ ਸਕਦੇ ਹਨ ਤੇ ਦੇਸ਼ ਨੂੰ ਸਭ ਤੋਂ ਮਾੜੇ ਹਾਲਾਤ ਲਈ ਤਿਆਰ ਰਹਿਣ ਦੀ ਲੋੜ ਹੈ।
ਦਿੱਲੀ ਸਰਕਾਰ ਨੂੰ ਆਪਣਾ ਗੈਸ ਪਲਾਂਟ ਲਾਉਣ ਲਈ ਕਿਹਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਹਾਈ ਕੋਰਟ ਨੇ ਦਿੱਲੀ ਨੂੰ ਅਲਾਟ ਕੀਤੀ ਗਈ 480 ਮੀਟ੍ਰਿਕ ਟਨ ਆਕਸੀਜਨ ਦੀ ਰੋਜ਼ਾਨਾ ਪੂਰਤੀ ਬਾਰੇ ਪੁੱਛਿਆ ਤਾਂ ਦਿੱਲੀ ਸਰਕਾਰ ਦੇ ਵਕੀਲ ਨੇ ਦੱਸਿਆ ਕਿ ਬੀਤੇ ਦਿਨੀਂ ਸਿਰਫ਼ 380 ਮੀਟ੍ਰਿਕ ਟਨ ਆਕਸੀਜਨ ਮਿਲ ਰਹੀ ਸੀ ਤੇ ਸ਼ੁੱਕਰਵਾਰ ਨੂੰ ਕਰੀਬ 300 ਮੀਟ੍ਰਿਕ ਟਨ ਮਿਲੀ ਸੀ। ਅਦਾਲਤ ਨੇ ਦਿੱਲੀ ਸਰਕਾਰ ਨੂੰ ਖ਼ੁਦ ਦਾ ਆਕਸੀਜਨ ਪਲਾਂਟ ਲਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਲਗਾਤਾਰ ਪੂਰੀ ਆਕਸੀਜਨ ਸਪਲਾਈ ਕਰਕੇ ਕਈ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਕਿਉਂਕਿ ਇਹ ਜ਼ਿੰਮੇਵਾਰੀ ਦਿੱਲੀ ਸਰਕਾਰ ਸਿਰ ਵੀ ਆਉਂਦੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਭਰ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਹੋਣ ਕਰਕੇ ਗੈਸ ਟੈਂਕਰਾਂ ਦੀ ਕਮੀ ਹੈ। ਦਿੱਲੀ ਹਾਈ ਕੋਰਟ ਨੇ ਕੇਂਦਰ ਤੇ ਰਾਜ ਸਰਕਾਰ ਨੂੰ ਮਿਲ ਕੇ ਕੰਮ ਕਰਨ ਲਈ ਕਿਹਾ। ਦਿੱਲੀ ਸਰਕਾਰ ਦੇ ਵਕੀਲ ਨੇ ਕਿਹਾ ਕਿ ਦੋ ਸਨਅਤਕਾਰਾਂ ਨਾਲ ਸੰਪਰਕ ਕੀਤਾ ਗਿਆ ਪਰ ਬਹੁਤੀਆਂ ਰਾਜ ਸਰਕਾਰਾਂ ਪਹਿਲਾਂ ਹੀ ਟੈਂਕਰ ਲੈ ਚੁੱਕੀਆਂ ਹਨ। ਉੱਤਰੀ ਦਿੱਲੀ ਦੇ ਬੁਰਾੜੀ ’ਚ ਸ਼ੁਰੂ ਹੋਏ ਹਸਪਤਾਲ ਵਿੱਚ ਆਕਸੀਜਨ ਦਾ ਪਲਾਂਟ ਲਾਇਆ ਜਾ ਰਿਹਾ ਹੈ।