ਮੁੰਬਈ, 16 ਮਈ
ਅਦਾਕਾਰ ਅਮਿਤਾਭ ਬੱਚਨ ਨੇ ਅੱਜ ਕਿਹਾ ਕਿ ਉਨ੍ਹਾਂ ਵੱਲੋਂ ਪੋਲੈਂਡ ਤੋਂ ਮੰਗਵਾਏ 50 ਆਕਸੀਜਨ ਕੰਸਨਟਰੇਟਰਾਂ ਦੀ ਪਹਿਲੀ ਖੇਪ ਭਲਕੇ ਨਵੀਂ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਪਹੁੰਚ ਜਾਵੇਗੀ। ਬੱਚਨ ਨੇ ਕਿਹਾ ਕਿ ਉਨ੍ਹਾਂ 50 ਹੋਰ ਕੰਸਨਟਰੇਟਰ ਮੰਗਵਾਏ ਹਨ।
ਪੰਜ ਲੀਟਰ ਸਮਰੱਥਾ ਵਾਲੇ ਇਹ ਕੰਸਨਟਰੇਟਰ ਮੁੰਬਈ ਲਈ ਮੰਗਵਾਏ ਗਏ ਹਨ। ਬੱਚਨ ਨੇ ਆਪਣੇ ਬਲੌਗ ਵਿਚ ਕਿਹਾ ਕਿ 50 ਕੰਸਨਟਰੇਟਰ ਸਵੇਰੇ ਦਿੱਲੀ ਪਹੁੰਚ ਜਾਣਗੇ। ਦੱਸਣਯੋਗ ਹੈ ਕਿ ਪੋਲੈਂਡ ਦਾ ਬੱਚਨ ਨਾਲ ਕਾਫ਼ੀ ਨੇੜਲਾ ਰਿਸ਼ਤਾ ਹੈ। ਪਿਛਲੇ ਸਾਲ ਰੌਕਲਾ ਸਿਟੀ ਕੌਂਸਲ ਨੇ ਇਕ ਚੌਕ ਦਾ ਨਾਂ ਉਨ੍ਹਾਂ ਦੇ ਪਿਤਾ ਤੇ ਉੱਘੇ ਕਵੀ ਹਰਿਵੰਸ਼ ਰਾਏ ਬੱਚਨ ਨੂੰ ਸਮਰਪਿਤ ਕੀਤਾ ਹੈ। ਅਦਾਕਾਰ ਨੇ ਨਾਲ ਹੀ ਦੱਸਿਆ ਕਿ ਕਰੋਨਾਵਾਇਰਸ ਵੈਕਸੀਨ ਦੀ ਦੂਜੀ ਤੇ ਆਖ਼ਰੀ ਡੋਜ਼ ਵੀ ਮਿਲ ਗਈ ਹੈ ਤੇ ਇਸ ਨੂੰ ਗੁਰਦੁਆਰਾ ਕਮੇਟੀ ਕਲੀਅਰ ਕਰੇਗੀ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਉੱਘੇ ਅਦਾਕਾਰ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ’ਚ ਬਣਾਏ ਗਏ ਸ੍ਰੀ ਗੁਰੂ ਤੇਗ਼ ਬਹਾਦਰ ਕੋਵਿਡ ਸੰਭਾਲ ਕੇਂਦਰ ਲਈ ਦੋ ਕਰੋੜ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਸੀ। -ਪੀਟੀਆਈ