ਮੰਗਲੁਰੂ: ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਆਸਕਰ ਫਰਨਾਂਡੇਜ਼ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਯੋਗ ਕਰਨ ਵੇਲੇ ਡਿੱਗਣ ਮਗਰੋਂ ਲੱਗੀ ਸੱਟ ਕਾਰਨ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਯੋਗ ਕਰਦੇ ਹੋਏ ਫਰਨਾਂਡੇਜ਼ ਦੇ ਸਰੀਰ ਦਾ ਸੰਤੁਲਨ ਵਿਗੜ ਗਿਆ ਤੇ ਉਹ ਡਿੱਗ ਪਏ, ਪਹਿਲਾਂ ਇਹ ਸੱਟ ਇੰਨੀ ਗੰਭੀਰ ਨਹੀਂ ਲੱਗ ਰਹੀ ਸੀ ਪਰ ਜਦੋਂ ਉਹ ਸ਼ਾਮ ਵੇਲੇ ਆਪਣੇ ਰੁਟੀਨ ਚੈੱਕਅਪ ਲਈ ਹਸਪਤਾਲ ਗਏ ਤਾਂ ਡਾਕਟਰਾਂ ਨੇ ਉਨ੍ਹਾਂ ਦੇ ਸਿਰ ਦੇ ਅੰਦਰ ਜ਼ਖਮ ਹੋਣ ਦੀ ਗੱਲ ਦੱਸੀ। ਡਾਕਟਰਾਂ ਮੁਤਾਬਕ ਸਿਰ ਦੇ ਅੰਦਰ ਜ਼ਖਮ ਹੋਣ ਕਾਰਨ ਉਨ੍ਹਾਂ ਨੂੰ ਤੁਰੰਤ ਫਰਨਾਂਡੇਜ਼ ਦੇ ਸਿਰ ਦੀ ਸਰਜਰੀ ਕਰਨੀ ਪਈ। ਉਹ ਅਜੇ ਵੀ ਹਸਪਤਾਲ ਦੇ ਆਈਸੀਯੂ ਵਿੱਚ ਜ਼ੇਰੇ ਇਲਾਜ ਹਨ। -ਪੀਟੀਆਈ