ਪੱਤਰ ਪ੍ਰੇਰਕ
ਯਮੁਨਾਨਗਰ, 15 ਮਈ
ਲੋਕ ਸਭਾ ਚੋਣਾਂ ਦੀ ਵੋਟਿੰਗ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਦੇ ਸਢੌਰਾ ਵਿਧਾਨ ਸਭਾ ਹਲਕਿਆਂ ਵਿੱਚ ਨਿਯੁਕਤ ਪੋਲਿੰਗ ਪਾਰਟੀਆਂ ਅਤੇ ਹੋਰ ਟੀਮਾਂ ਦੀ ਡੀਏਵੀ ਗਰਲਜ਼ ਕਾਲਜ ਵਿੱਚ ਦੂਜੀ ਰਿਹਰਸਲ ਹੋਈ। ਇਸ ਦੌਰਾਨ ਈਵੀਐੱਮ ਮਾਸਟਰ ਟ੍ਰੇਨਰ ਅਤੇ ਸੀਨੀਅਰ ਮਾਸਟਰ ਟ੍ਰੇਨਰ ਐਨਕੇ ਯਾਦਵ ਅਤੇ ਮਲਕੀਤ ਸਿੰਘ, ਸਾਬਕਾ ਕਾਨੂੰਗੋ ਉਮਾ ਦੱਤ ਸ਼ਰਮਾ ਅਤੇ ਮਾਸਟਰ ਟਰੇਨਰ ਸੁਰਿੰਦਰ ਕੁਮਾਰ ਨੇ ਸਮੂਹ ਪੋਲਿੰਗ ਪਾਰਟੀਆਂ ਨੂੰ ਉਨ੍ਹਾਂ ਦੇ ਹਰ ਕੰਮ ਅਤੇ ਜ਼ਿੰਮੇਵਾਰੀ ਬਾਰੇ ਜਾਣਕਾਰੀ ਦਿੱਤੀ। ਰਿਹਰਸਲ ਦੌਰਾਨ ਪੋਲਿੰਗ ਪਾਰਟੀਆਂ ਨੂੰ ਈਵੀਐੱਮ ਅਤੇ ਵੀਵੀਪੈਟ ਮਸ਼ੀਨਾਂ ਦੇ ਸੰਚਾਲਨ ਬਾਰੇ ਵੀ ਸਮਝਾਇਆ ਗਿਆ ਅਤੇ ਮੌਕੇ ‘ਤੇ ਹੀ ਉਨ੍ਹਾਂ ਨੂੰ ਹੱਥੀਂ ਸਿਖਲਾਈ ਵੀ ਦਿੱਤੀ ਗਈ। ਸਹਾਇਕ ਚੋਣ ਅਫਸਰ ਐੱਸਡੀਐੱਮ ਦਵਿੰਦਰ ਸ਼ਰਮਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਪੂਰੀ ਸਾਵਧਾਨੀ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੋਟਾਂ 25 ਮਈ ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਉਨ੍ਹਾਂ ਦੱਸਿਆ ਕਿ ਅੰਬਾਲਾ ਸੰਸਦੀ ਸੀਟ ’ਤੇ ਅਨੁਸੂਚਿਤ ਜਾਤੀ ਲਈ ਨੋਟਾ ਸਣੇ ਕੁੱਲ 14 ਉਮੀਦਵਾਰ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਆਪਣੇ ਪੱਧਰ ’ਤੇ ਹੱਲ ਕਰੋ, ਜੇ ਕੋਈ ਹੱਲ ਨਾ ਲੱਭਿਆ ਤਾਂ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਬਾਲ ਭਲਾਈ ਅਫ਼ਸਰ ਅਤੇ ਚੋਣ ਦਫ਼ਤਰ ਦੇ ਨੋਡਲ ਅਫ਼ਸਰ ਸੁਖਮਿੰਦਰ ਸਿੰਘ ਨੇ ਕਿਹਾ ਕਿ 24 ਮਈ ਨੂੰ ਹੋਣ ਵਾਲੀ ਅੰਤਿਮ ਰਿਹਰਸਲ ਦੇ ਨਾਲ ਹੀ ਪੋਲਿੰਗ ਪਾਰਟੀਆਂ ਨੂੰ ਈਵੀਐੱਮ, ਵੀਵੀਪੈਟ ਅਤੇ ਹੋਰ ਚੋਣ ਸਮੱਗਰੀ ਸਰਕਾਰੀ ਵਾਹਨਾਂ ਵਿੱਚ ਸਬੰਧਤ ਪੋਲਿੰਗ ਸਟੇਸ਼ਨਾਂ ’ਤੇ ਭੇਜੀ ਜਾਵੇਗੀ।