ਨਵੀਂ ਦਿੱਲੀ, 3 ਜੂਨ
ਸੁਪਰੀਮ ਕੋਰਟ ਨੇ 12ਵੀਂ ਕਲਾਸ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰਨ ਸਬੰਧੀ ਸਰਕਾਰ ਦੇ ਫ਼ੈਸਲੇ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਅੱਜ ਸੀਬੀਐੱਸਈ ਤੇ ਸੀਆਈਐੱਸਸੀਈ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਦਿਆਰਥੀਆਂ ਦੇ ਅੰਕਾਂ ਦੇ ਮੁਲਾਂਕਣ ਦੀ ਪ੍ਰਕਿਰਿਆ ਬਾਰੇ ਮਾਪਦੰਡ ਦੋ ਹਫ਼ਤਿਆਂ ਅੰਦਰ ਪੇਸ਼ ਕਰਨ।
ਜਸਟਿਸ ਏਐੱਮ ਖਾਨਵਿਲਕਰ ਤੇ ਜਸਟਿਸ ਦਿਨੇਸ਼ ਮਹੇਸ਼ਵਰੀ ਦੇ ਬੈਂਚ ਨੇ ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਤੇ ਸੀਆਈਐੱਸਸੀਈ ਵੱਲੋਂ ਪੇਸ਼ ਵਕੀਲ ਜੇਕੇ ਦਾਸ ਨੂੰ ਕਿਹਾ ਕਿ ਉਹ ਦੋ ਹਫ਼ਤਿਆਂ ਅੰਦਰ ਇਸ ਸਬੰਧੀ ਮਾਪਦੰਡ ਪੇਸ਼ ਕਰਨ। ਬੈਂਚ ਨੇ ਕਿਹਾ, ‘ਅਸੀਂ ਖੁਸ਼ ਹਾਂ ਕਿ ਸਰਕਾਰ ਨੇ 12ਵੀਂ ਕਲਾਸ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਅੰਕਾਂ ਦੇ ਮੁਲਾਂਕਣ ਲਈ ਤੈਅ ਕੀਤਾ ਗਿਆ ਪੈਮਾਨਾ ਸਾਡੇ ਸਾਹਮਣੇ ਪੇਸ਼ ਕੀਤਾ ਜਾਵੇ।’ ਬੈਂਚ ਨੇ ਸਪੱਸ਼ਟ ਕੀਤਾ ਕਿ ਮਾਪਦੰਡ ਪੇਸ਼ ਕਰਨ ਲਈ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ ਕਿਉਂਕਿ ਕਈ ਵਿਦਿਆਰਥੀ ਭਾਰਤ ਤੇ ਵਿਦੇਸ਼ਾਂ ਦੇ ਕਾਲਜਾਂ ’ਚ ਦਾਖਲੇ ਲੈਣਗੇ। ਅਦਾਲਤ ਨੇ ਕਿਹਾ ਕਿ ਉਹ ਅੰਕਾਂ ਦੇ ਮੁਲਾਂਕਣ ਲਈ ਮਾਪਦੰਡਾਂ ’ਤੇ ਗੌਰ ਕਰੇਗੀ ਤਾਂ ਜੋ ਕਿ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੋਵੇ ਤਾਂ ਉਸ ਨੂੰ ਸੁਲਝਾਇਆ ਜਾ ਸਕੇ। ਪਟੀਸ਼ਨ ਨੇ ਕਿਹਾ, ‘ਪਟੀਸ਼ਨਰ ਵੱਲੋਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਦੇ ਨਾਲ ਹੀ ਇਹ ਵੀ ਓਨਾ ਹੀ ਮਹੱਤਵਪੂਰਨ ਹੈ।’ ਅਦਾਲਤ ਵੱਲੋਂ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ 12ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਸਬੰਧੀ ਪਟੀਸ਼ਨ ’ਤੇ ਸੁਣਵਾਈ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਵੇਣੂਗੋਪਾਲ ਨੇ ਕਿਹਾ ਕਿ ਸੀਬੀਐੱਸਈ ਨੂੰ 12ਵੀਂ ਕਲਾਸ ਦੇ ਅੰਕ ਮੁਲਾਂਕਣ ਲਈ ਮਾਪਦੰਡ ਤੈਅ ਕਰਨ ਲਈ ਸਮਾਂ ਚਾਹੀਦਾ ਹੈ ਤੇ ਅਦਾਲਤ ਘੱਟ ਤੋਂ ਘੱਟ ਦੋ ਹਫ਼ਤਿਆਂ ਲਈ ਸੁਣਵਾਈ ਟਾਲ ਸਕਦੀ ਹੈ। ਜੇਕੇ ਦਾਸ ਨੇ ਕਿਹਾ ਕਿ ਸੀਆਈਐੱਸਸੀਈ ਨੇ ਕਿਹਾ ਉਨ੍ਹਾਂ ਨੂੰ ਤਿੰਨ-ਚਾਰ ਹਫ਼ਤਿਆਂ ਦਾ ਸਮਾਂ ਚਾਹੀਦਾ ਹੈ ਕਿਉਂਕਿ ਇਸ ਪ੍ਰਕਿਰਿਆ ਲਈ ਮਾਹਿਰਾਂ ਵਿਚਾਲੇ ਵਿਚਾਰ ਚਰਚਾ ਹੋਵੇਗੀ। ਪਟੀਸ਼ਨ ਮਮਤਾ ਸ਼ਰਮਾ ਨੇ ਕਿਹਾ ਕਿ ਸੀਬੀਐੱਸਈ ਅਤੇ ਸੀਆਈਐੱਸਸੀਈ ਦੀ ਤਰ੍ਹਾਂ ਕਈ ਸਟੇਟ ਬੋਰਡ ਵੀ ਹਨ ਜਿਨ੍ਹਾਂ 12ਵੀਂ ਕਲਾਸ ਦੀ ਪ੍ਰੀਖਿਆ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਹੈ। ਬੈਂਚ ਨੇ ਕਿਹਾ ਕਿ ਪਹਿਲਾਂ ਸੀਬੀਐੱਸਈ ਨੂੰ ਅੰਕਾਂ ਦੇ ਮੁਲਾਂਕਣ ਦਾ ਪੈਮਾਨਾ ਪੇਸ਼ ਕਰਨ ਦਿੱਤਾ ਜਾਵੇ। ਉਸ ਤੋਂ ਬਾਅਦ ਉਹ ਹੋਰਨਾਂ ਬੋਰਡਾਂ ਨੂੰ ਵੀ ਦੇਖਣਗੇ। -ਪੀਟੀਆਈ