ਨਵੀਂ ਦਿੱਲੀ, 16 ਦਸੰਬਰ
ਮੁੱਖ ਅੰਸ਼
- ਟੀਐੱਮਸੀ ਮੈਂਬਰਾਂ ਨੇ ਵੀ ਦਿੱਤਾ ਵਿਰੋਧੀ ਧਿਰ ਦਾ ਸਾਥ
ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਅੱਜ ਲੋਕ ਸਭਾ ਵਿੱਚ ਮੁੜ ਰੌਲਾ-ਰੱਪਾ ਪਿਆ ਤੇ ਵਿਰੋਧੀ ਧਿਰ ਆਪਣੀ ਇਸ ਮੰਗ ’ਤੇ ਅੜੀ ਰਹੀ। ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਪ੍ਰਦਰਸ਼ਨ ਜਾਰੀ ਰੱਖਿਆ। ਰਾਹੁਲ ਗਾਂਧੀ ਨੇ ਮਿਸ਼ਰਾ ਨੂੰ ‘ਅਪਰਾਧੀ’ ਦੱਸਦਿਆਂ ਕੇਂਦਰੀ ਵਜ਼ਾਰਤ ’ਚੋਂ ਲਾਂਭੇ ਕੀਤੇ ਜਾਣ ਦੀ ਮੰਗ ਕੀਤੀ। ਵਿਰੋਧੀ ਧਿਰ ਦੀ ਅੜੀ ਕਰਕੇ ਹੇਠਲੇ ਸਦਨ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨੀ ਪਈ ਤੇ ਮਗਰੋਂ ਸਦਨ ਨੂੰ ਪੂਰੇ ਦਿਨ ਲਈ ਉਠਾ ਦਿੱਤਾ ਗਿਆ। ਲਖੀਮਪੁਰ ਖੀਰੀ ਹਿੰਸਾ ਕੇਸ, ਜਿਸ ਵਿੱਚ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਦੀ ਜਾਨ ਜਾਂਦੀ ਰਹੀ ਸੀ, ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਇਸ ਪੂਰੇ ਘਟਨਾਕ੍ਰਮ ਨੂੰ ‘ਗਿਣੀ ਮਿੱਥੀ ਸਾਜ਼ਿਸ਼’ ਕਰਾਰ ਦਿੱਤਾ ਸੀ। ਸਿਟ ਦੇ ਇਸ ਖੁਲਾਸੇ ਮਗਰੋਂ ਵਿਰੋਧੀ ਧਿਰਾਂ ਪਿਛਲੇ ਦੋ ਦਿਨਾਂ ਤੋਂ ਸੰਸਦ ਵਿੱਚ ਲਖੀਮਪੁਰ ਖੀਰੀ ਹਿੰਸਾ ’ਤੇ ਚਰਚਾ ਤੇ ਅਜੈ ਮਿਸ਼ਰਾ ਟੈਨੀ ਨੂੰ ਵਜ਼ਾਰਤ ’ਚੋਂ ਬਰਖਾਸਤ ਕਰਨ ਦੀ ਮੰਗ ਕਰ ਰਹੀਆਂ ਹਨ। ਲੋਕ ਸਭਾ ਵਿੱਚ ਅੱਜ ਜਿਵੇਂ ਹੀ ਪ੍ਰਸ਼ਨ ਕਾਲ ਸ਼ੁਰੂ ਹੋਇਆ ਤਾਂ ਵਿਰੋਧੀ ਧਿਰਾਂ ਦੇ ਮੈਂਬਰ ਸਦਨ ਦੇ ਐਨ ਵਿਚਾਲੇ ਆ ਗਏ। ਹੱਥਾਂ ਵਿੱਚ ਤਖ਼ਤੀਆਂ ਫੜੀ ਮੈਂਬਰਾਂ ਨੇ ਨਾਅਰੇਬਾਜ਼ੀ ਕਰਦਿਆਂ ਮਿਸ਼ਰਾ ਨੂੰ ਬਰਖਾਸਤ ਕੀਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਵੀ ਮੌਜੂਦ ਸਨ, ਜੋ ਪਹਿਲਾਂ ਵਿਰੋਧੀ ਧਿਰ ਤੋਂ ਵੱਖ ਰਹਿ ਰਹੇ ਸਨ। ਪ੍ਰਸ਼ਨ ਕਾਲ ਦੌਰਾਨ ਸਪੀਕਰ ਓਮ ਬਿਰਲਾ ਨੇ ਰਾਹੁਲ ਗਾਂਧੀ ਦਾ ਨਾਂ ਲਿਆ। ਕਾਂਗਰਸ ਆਗੂ ਨੇ ਐੱਮਐੱਸਐੱਮਈ ਸੈਕਟਰ ਬਾਰੇ ਸਵਾਲ ਪੁੱਛਣ ਲਈ ਆਪਣਾ ਨਾਂ ਸੂਚੀਬੰਦ ਕਰਵਾਇਆ ਹੋਇਆ ਸੀ। ਰਾਹੁਲ ਨੇ ਸਵਾਲ ਪੁੱਛਣ ਦੀ ਥਾਂ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਅਸਤੀਫੇ ਦੀ ਮੰਗ ਕੀਤੀ। ਇਸ ਦੌਰਾਨ ਸਪੀਕਰ ਨੇ ਗਾਂਧੀ ਨੂੰ ਕਿਹਾ ਕਿ ਉਹ ਐੱਮਐੱਸਐੱਮਈ ਸੈਕਟਰ ਬਾਰੇ ਉਨ੍ਹਾਂ ਦੇ ਨਾਂ ਅੱਗੇ ਸੂਚੀਬੰਦ ਸਵਾਲ ਬਾਰੇ ਹੀ ਗੱਲ ਕਰਨ। ਸਪੀਕਰ ਨੇ ਕਿਹਾ, ‘‘ਤੁਸੀਂ ਸੀਨੀਅਰ ਮੈਂਬਰ ਹੋ। ਤੁਸੀਂ 262 ਨੰਬਰ ਸਵਾਲ ਕੀਤਾ ਹੈ। ਪ੍ਰਸ਼ਨ ਕਾਲ ਲਈ ਤੁਹਾਡੇ ਵੱਲੋਂ ਸੂਚੀਬੰਦ ਕੀਤੇ ਸਵਾਲ ਲਈ ਤੁਹਾਨੂੰ ਢੁੱਕਵਾਂ ਸਮਾਂ ਦਿੱਤਾ ਜਾਵੇਗਾ। ਤੁਸੀਂ ਦਾਅਵਾ ਕਰਦੇ ਹੋ ਕਿ ਤੁਹਾਨੂੰ ਸਦਨ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹੈ। ਜੇਕਰ ਤੁਸੀਂ ਆਪਣੇ ਵੱਲੋਂ ਸੂਚੀਬੰਦ ਕੀਤੇ ਸਵਾਲ ’ਤੇ ਕਾਇਮ ਰਹਿੰਦੇ ਹੋ ਤਾਂ ਮੈਂ ਤੁਹਾਨੂੰ ਢੁੱਕਵਾਂ ਸਮਾਂ ਦੇਵਾਂਗਾ।’’ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਗਾਂਧੀ ਅਜਿਹੇ ਮੌਕੇ ਬੋਲਣ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂ ਕਾਂਗਰਸੀ ਮੈਂਬਰ ਸਦਨ ਦੇ ਐਨ ਵਿਚਾਲੇ ਹਨ। ਜੋਸ਼ੀ ਨੇ ਕਿਹਾ, ‘‘ਇਸ ਦੀ ਪ੍ਰਵਾਨਗੀ ਕਿਵੇਂ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੂੰ ਕਿਹਾ ਜਾਵੇ ਕਿ ਉਹ ਮੈਂਬਰਾਂ ਨੂੰ ਆਪਣੀਆਂ ਸੀਟਾਂ ’ਤੇ ਵਾਪਸ ਸੱਦਣ।’’ ਜਦੋਂ ਗਾਂਧੀ ਨੇ ਲਖੀਮਪੁਰ ਖੀਰੀ ਹਿੰਸਾ ’ਤੇ ਬੋਲਣਾ ਜਾਰੀ ਰੱਖਿਆ ਤਾਂ ਭਾਜਪਾ ਮੈਂਬਰ ਵੀ ਸੀਟਾਂ ਤੋਂ ਖੜ੍ਹੇ ਹੋ ਗਏ। ਕਾਂਗਰਸੀ ਮੈਂਬਰ ਗੌਰਵ ਗੋਗੋਈ ਨੇ ਮੰਤਰੀ ਵੱਲੋਂ ਲੰਘੇ ਦਿਨ ਪੱਤਰਕਾਰਾਂ ਨਾਲ ਕੀਤੀ ਬਦਸਲੂਕੀ ਦਾ ਮੁੱਦਾ ਚੁੱਕਿਆ। ਵਿਰੋਧੀ ਧਿਰ ਵੱਲੋਂ ਪਾਇਆ ਰੌਲਾ-ਰੱਪਾ ਬੰਦ ਨਾ ਹੁੰਦਾ ਵੇਖ ਸਪੀਕਰ ਨੇ ਸਦਨ ਦੀ ਕਾਰਵਾਈ ਨੂੰ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ। ਸਦਨ ਮੁੜ ਜੁੜਿਆ ਤਾਂ ਵਿਰੋਧੀ ਧਿਰਾਂ ਦੇ ਮੈਂਬਰ ਮਿਸ਼ਰਾ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸਦਨ ਦੇ ਵਿਚਾਲੇ ਆ ਗਏ। ਬੀਜੂ ਜਨਤਾ ਦਲ ਦੇ ਆਗੂ ਬੀ.ਮਹਿਤਾਬ, ਜੋ ਉਸ ਵੇਲੇ ਸਦਨ ਦੀ ਕਾਰਵਾਈ ਚਲਾ ਰਹੇ ਸਨ, ਨੇ ਸਦਨ ਦਿਨ ਭਰ ਲਈ ਮੁਲਤਵੀ ਕਰਨ ਤੋਂ ਪਹਿਲਾਂ ਸਦਨ ਦੀ ਮੇਜ਼ ’ਤੇ ਬਾਇਓਲੋਜੀਕਲ ਡਾਇਵਰਸਟੀ ਬਿੱਲ ਨੂੰ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ। -ਪੀਟੀਆਈ
ਧਾਰਮਿਕ ਬਾਣੇ ਨਾਲ ਇਹ ਤੱਥ ਨਹੀਂ ਬਦਲਣਾ ਕਿ ਤੁਸੀਂ ਅਪਰਾਧੀ ਨੂੰ ਬਚਾਅ ਰਹੇ ਹੋ: ਪ੍ਰਿਯੰਕਾ
ਨਵੀਂ ਦਿੱਲੀ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਲਖੀਮਪੁਰ ਖੀਰੀ ਹਿੰਸਾ ਕੇਸ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਕੇਂਦਰੀ ਕੈਬਨਿਟ ’ਚੋਂ ਅਜੇ ਤੱਕ ਲਾਂਭੇ ਨਾ ਕੀਤੇ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੰਮੇ ਹੱਥੀਂ ਲੈਂਦਿਆਂ ਅੱਜ ਕਿਹਾ ਕਿ ਮਿੱਥ ਕੇ ਧਰਮ ਦਾ ਚਸ਼ਮਾ ਤੇ ਧਾਰਮਿਕ ਬਾਣਾ ਪਾਉਣ ਨਾਲ ‘‘ਇਹ ਤੱਥ ਨਹੀਂ ਬਦਲੇਗਾ ਕਿ ਤੁਸੀਂ ਇਕ ਅਪਰਾਧੀ ਨੂੰ ਬਚਾਅ ਰਹੇ ਹੋ।’’ ਪ੍ਰਿਯੰਕਾ ਨੇ ਟਵੀਟ ਕੀਤਾ, ‘‘ਸਰਕਾਰ ਵੱਲੋਂ ਅਜੈ ਮਿਸ਼ਰਾ ਟੈਨੀ ਦੀ ਬਰਖਾਸਤਗੀ ਤੋਂ ਇਨਕਾਰ ਕੀਤੇ ਜਾਣਾ ਇਸ ਦੇ ਨੈਤਿਕ ਦੀਵਾਲੀਏਪਣ ਦਾ ਉੱਘੜਵਾਂ ਸੰਕੇਤ ਹੈ। ਮਿੱਥ ਕੇ ਧਰਮ ਦਾ ਚਸ਼ਮਾ ਤੇ ਧਾਰਮਿਕ ਬਾਣਾ ਪਾਉਣ ਨਾਲ ਇਹ ਤੱਥ ਨਹੀਂ ਬਦਲਣ ਵਾਲਾ ਕਿ ਤੁਸੀਂ ਇਕ ਅਪਰਾਧੀ ਨੂੰ ਬਚਾਅ ਰਹੇ ਹੋ…ਅਜੈ ਮਿਸ਼ਰਾ ਨੂੰ ਬਰਖਾਸਤ ਕੀਤਾ ਜਾਵੇ ਤੇ ਉਸ ਖਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਹੋਵੇ।’’ -ਪੀਟੀਆਈ
‘ਮਿਸ਼ਰਾ ਲਖੀਮਪੁਰ ਖੀਰੀ ਹਿੰਸਾ ਵਿੱਚ ‘ਸ਼ਾਮਲ’ ਸੀ’
ਰਾਹੁਲ ਗਾਂਧੀ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਹਵਾਲੇ ਨਾਲ ਕਿਹਾ, ‘‘ਮੰਤਰੀ ਨੂੰ ਸਰਕਾਰ ’ਚੋਂ ਬਰਖਾਸਤ ਕੀਤਾ ਜਾਵੇ। ਉਹ ‘ਅਪਰਾਧੀ’ ਹੈ ਤੇ ਉਸ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਹ ਲਖੀਮਪੁਰ ਖੀਰੀ ਹਿੰਸਾ ਵਿੱਚ ‘ਸ਼ਾਮਲ’ ਸੀ।’’ ਵਾਇਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਨੇ ਕਿਹਾ, ‘‘ਲਖੀਮਪੁਰ ਖੀਰੀ ’ਚ ਹੋਈਆਂ ਹੱਤਿਆਵਾਂ ਵਿੱਚ ਮੰਤਰੀ ਦੀ ਸ਼ਮੂਲੀਅਤ ਦਾ ਪਤਾ ਲੱਗਾ ਹੈ। ਇਹ ਗੱਲ ਵੀ ਆਖੀ ਗਈ ਹੈ ਕਿ ਇਸ ਪਿੱਛੇ ਵੱਡੀ ਸਾਜ਼ਿਸ਼ ਸੀ। ਸਾਨੂੰ ਇਸ ਮੁੱਦੇ ’ਤੇ ਬੋਲਣ ਦੀ ਇਜਾਜ਼ਤ ਦਿੱਤੀ ਜਾਵੇ।’’ ਗਾਂਧੀ ਨੇ ਕਿਹਾ, ‘‘ਇਥੇ ਬੈਠੇ ਤੁਹਾਡੇ ਇਕ ਮੰਤਰੀ ਨੇ ਕਿਸਾਨਾਂ ’ਤੇ ਹਮਲਾ ਕੀਤਾ ਹੈ। ਉਸ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਉਸ ਦੀ ਇਸ ਵਿੱਚ ਸ਼ਮੂਲੀਅਤ ਹੈ। ਇਸ ਪਿੱਛੇ ਸਾਜ਼ਿਸ਼ ਸੀ। ਉਸ ਨੂੰ ਇਸ ਲਈ ਸਜ਼ਾ ਮਿਲਣੀ ਚਾਹੀਦੀ ਹੈ। ਉਸ ਨੂੰ ਸਰਕਾਰ ਤੋਂ ਲਾਂਭੇ ਕੀਤਾ ਜਾਣਾ ਚਾਹੀਦਾ ਹੈ।’’