ਪਟਨਾ, 22 ਜੂਨ
ਬਿਹਾਰ ਵਿਚ ਵਿਰੋਧੀ ਧਿਰਾਂ ਨੇ ਅਗਨੀਪਥ ਭਰਤੀ ਸਕੀਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਕੇ ਮੁਜ਼ਾਹਰਾਕਾਰੀਆਂ ਖ਼ਿਲਾਫ਼ ਦਰਜ ਪੁਲੀਸ ਕੇਸ ਵਾਪਸ ਲੈਣ ਦੀ ਮੰਗ ਕੀਤੀ ਹੈ। ਆਰਜੇਡੀ ਆਗੂ ਤੇਜਸਵੀ ਯਾਦਵ ਦੀ ਅਗਵਾਈ ’ਚ ਵਿਰੋਧੀ ਧਿਰਾਂ ਨੇ ਅੱਜ ਵਿਧਾਨ ਸਭਾ ਤੋਂ ਰਾਜ ਭਵਨ ਤੱਕ ਰੋਸ ਮਾਰਚ ਕੀਤਾ। ਵਿਰੋਧੀ ਧਿਰ ਦੇ ਆਗੂ ਮਗਰੋਂ ਰਾਜਪਾਲ ਫਾਗੂ ਚੌਹਾਨ ਨੂੰ ਮਿਲੇ ਤੇ ਮੰਗ ਪੱਤਰ ਸੌਂਪਿਆ। ਉਨ੍ਹਾਂ ਇਸ ਸਕੀਮ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਰਾਜਪਾਲ ਨੂੰ ਮਿਲਣ ਤੋਂ ਬਾਅਦ ਯਾਦਵ ਨੇ ਕਿਹਾ ਕਿ ਵਿਰੋਧੀ ਧਿਰਾਂ ਨੇ ਅੱਜ ਰਾਜਪਾਲ ਨਾਲ ਮੁਲਾਕਾਤ ਕਰ ਕੇ ਮੈਮੋਰੰਡਮ ਸੌਂਪਿਆ ਹੈ। ਆਰਜੇਡੀ ਆਗੂ ਨੇ ਕਿਹਾ ਕਿ ਰੋਸ ਮੁਜ਼ਾਹਰਿਆਂ ਦੌਰਾਨ ਦਰਜ ਹੋਏ ਕੇਸਾਂ ਨੂੰ ਵਾਪਸ ਲੈਣ ਤੇ ਗ੍ਰਿਫ਼ਤਾਰ ਵਿਦਿਆਰਥੀਆਂ ਨੂੰ ਰਿਹਾਅ ਕਰਨ ਦੀ ਮੰਗ ਵੀ ਕੀਤੀ ਗਈ ਹੈ। ਯਾਦਵ ਨੇ ਕਿਹਾ ਕਿ ਇਹ ਸਕੀਮ ਉਨ੍ਹਾਂ ਵਿਦਿਆਰਥੀਆਂ ਦੇ ਖ਼ਿਲਾਫ਼ ਹੈ ਜੋ ਰੱਖਿਆ ਸੇਵਾਵਾਂ ਵਿਚ ਨੌਕਰੀਆਂ ਦੀ ਤਿਆਰੀ ਕਰ ਰਹੇ ਸਨ। ਤੇਜਸਵੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੌਜਵਾਨਾਂ ਦੇ ਭਵਿੱਖ ਨਾਲ ਖੇਡ ਰਹੀ ਹੈ। ਯਾਦਵ ਨੇ ਇਸ ਮੌਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ‘ਚੁੱਪ’ ਉਤੇ ਵੀ ਸਵਾਲ ਉਠਾਇਆ। -ਪੀਟੀਆਈ
ਬਿਹਾਰ ’ਚ ਜੇਡੀਯੂ ਤੇ ਭਾਜਪਾ ਦਰਮਿਆਨ ਦੂਰੀਆਂ ਵਧਣ ਲੱਗੀਆਂ
ਪਟਨਾ: ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਅਗਨੀਪਥ ਸਕੀਮ ਖਿਲਾਫ਼ ਬਿਹਾਰ ਵਿੱਚ ਹਿੰਸਕ ਪ੍ਰਦਰਸ਼ਨਾਂ ਦਾ ਦੌਰ ਭਾਵੇਂ ਸ਼ੁਰੂ ਹੋਣ ਤੋਂ ਹਫ਼ਤੇ ਅੰਦਰ ਹੀ ਠੁੱਸ ਹੋ ਗਿਆ, ਪਰ ਇਨ੍ਹਾਂ ਪ੍ਰਦਰਸ਼ਨਾਂ ਕਰਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ਤੇ ਭਾਈਵਾਲ ਭਾਜਪਾ ਦਰਮਿਆਨ ਪੈਦਾ ਹੋਏ ਮਤਭੇਦ ਨੇ ਗੱਠਜੋੜ ’ਤੇ ਲੰਮਾ ਪਰਛਾਵਾਂ ਪਾਇਆ ਜਾਪਦਾ ਹੈ। ਜੇਡੀ(ਯੂ) ਨੇ ਹਿੰਸਕ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਲਈ ਪ੍ਰਸ਼ਾਸਨ ਵੱਲੋਂ ਕੀਤੇ ਉਪਰਾਲਿਆਂ ਦੀ ਭਾਜਪਾ ਵੱਲੋਂ ਕੀਤੀ ਨੁਕਤਾਚੀਨੀ ਨੂੰ ਆਪਣੇ ਆਗੂਆਂ ਦੇ ਨਿਰਾਦਰ ਵਜੋਂ ਲਿਆ ਹੈ। ਪਾਰਟੀ ਹੁਣ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਦੌਰਾਨ ਮੌਜੂਦ ‘ਤਾਲਮੇਲ ਕਮੇਟੀ’ ਨੂੰ ਮੁੜ ਸੁਰਜੀਤ ਕਰਨ ’ਤੇ ਜ਼ੋਰ ਦੇ ਰਹੀ ਹੈ। ਇਹ ਕਮੇਟੀ ਇਕ ਮੰਚ ਸੀ ਜਿੱਥੇ ਭਾਈਵਾਲਾਂ ਦਰਮਿਆਨ ਵੱਖਰੇਵੇਂ ਦੂਰ ਕੀਤੇ ਜਾਂਦੇ ਸਨ। ਜੇਡੀਯੂ ਦੇ ਮੁੱਖ ਕੌਮੀ ਜਨਰਲ ਸਕੱਤਰ ਕੇ.ਸੀ.ਤਿਆਗੀ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘‘ਉਦੋਂ ਐੱਨਡੀਏ ਤਾਲਮੇਲ ਕਮੇਟੀ ਦੀ ਅਗਵਾਈ ਸਾਡੇ ਆਗੂ ਜੌਰਜ ਫਰਨਾਂਡੇਜ਼ ਵੱਲੋਂ ਕੀਤੀ ਜਾਂਦੀ ਸੀ। ਪਰ ਹੁਣ ਅਜਿਹੇ ਕਿਸੇ ਮੰਚ ਦੀ ਅਣਹੋਂਦ ਵਿੱਚ ਲੋਕ ਆਪਣੇ ਮਤਭੇਦਾਂ ਬਾਰੇ ਇਕ ਦੂਜੇ ਨਾਲ ਗੱਲ ਕਰਨ ਦੀ ਥਾਂ ਮੀਡੀਆ ਨਾਲ ਗੱਲ ਕਰਨ ਨੂੰ ਤਰਜੀਹ ਦਿੰਦੇ ਹਨ।’’ ਤਿਆਗੀ ਨੇ ਇਸ ਗੱਲ ’ਤੇ ਵੀ ਸਖ਼ਤ ਨਾਰਾਜ਼ਗੀ ਜਤਾਈ ਕਿ ਭਾਜਪਾ ਦੀ ਦੂਜੀ ਕਤਾਰ ਦੇ ਆਗੂ ਜੇਡੀਯੂ ਆਗੂਆਂ ਦੀ ਅਹਿਮੀਅਤ ਘਟਾਉਣ ਦਾ ਆਨੇ ਬਹਾਨੇ ਕੋਈ ਮੌਕਾ ਨਹੀਂ ਛੱਡਦੇ। -ਪੀਟੀਆਈ