ਨਵੀਂ ਦਿੱਲੀ: ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਅੱਜ ਕਿਹਾ ਕਿ ਉਸ ਨੇ ਭਾਰਤ ਦੇ ਲੋਕਾਂ ਦੀ ਜ਼ਿੰਦਗੀ ਦੀ ਕੀਮਤ ’ਤੇ ਕਦੀ ਟੀਕਿਆਂ ਦੀ ਬਰਾਮਦ ਨਹੀਂ ਕੀਤੀ ਅਤੇ ਉਹ ਦੇਸ਼ ’ਚ ਟੀਕਾਕਰਨ ਮੁਹਿੰਮ ਨੂੰ ਸਹਿਯੋਗ ਦੇਣ ਲਈ ਪ੍ਰਤੀਬੱਧ ਹੈ। ਕੰਪਨੀ ਨੇ ਇੱਕ ਬਿਆਨ ’ਚ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸਰਕਾਰ ਤੇ ਸੀਰਮ ਸਮੇਤ ਭਾਰਤੀ ਟੀਕਾ ਬਣਾਉਣ ਵਾਲਿਆਂ ਵੱਲੋਂ ਟੀਕੇ ਦੀ ਬਰਾਮਦ ਦੇ ਫ਼ੈਸਲੇ ’ਤੇ ਕਾਫੀ ਚਰਚਾ ਹੋਈ ਹੈ। ਸੀਰਮ ਨੇ ਟੀਕੇ ਦੀ ਬਰਾਮਦ ਦੇ ਫ਼ੈਸਲੇ ਬਾਰੇ ਕਿਹਾ, ‘ਜਨਵਰੀ 2021 ’ਚ ਸਾਡੇ ਕੋਲ ਟੀਕਿਆਂ ਦੀਆਂ ਖੁਰਾਕਾਂ ਦਾ ਕਾਫੀ ਭੰਡਾਰ ਸੀ। ਸਾਡੀ ਟੀਕਾਕਰਨ ਮੁਹਿੰਮ ਕਾਮਯਾਬੀ ਨਾਲ ਸ਼ੁਰੂ ਹੋ ਗਈ ਸੀ ਅਤੇ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੇਸਾਂ ਦੀ ਗਿਣਤੀ ਘੱਟ ਸੀ। ਦੁਨੀਆਂ ਦੇ ਹੋਰ ਮੁਲਕ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਮਦਦ ਦੀ ਲੋੜ ਸੀ। ਭਾਰਤ ਸਰਕਾਰ ਨੇ ਅਜਿਹੇ ਸਮੇਂ ਹਰ ਸੰਭਵ ਮਦਦ ਕੀਤੀ ਸੀ।’ -ਪੀਟੀਆਈ