ਅਲੀਗੜ੍ਹ, 2 ਫਰਵਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਕਿਹਾ ਸੀ ਕਿ ਜੰਮੂ ਕਸ਼ਮੀਰ ਵਿੱਚ ਧਾਰਾ 370 ਖ਼ਤਮ ਕਰਨ ’ਤੇ ਖ਼ੂਨ ਦੀਆਂ ਨਦੀਆਂ ਵਹਿ ਜਾਣਗੀਆਂ, ਪਰ ਕਿਸੇ ਵਿੱਚ ਵੀ ਇਸ ਫ਼ੈਸਲੇ ’ਤੇ ਇੱਕ ਪੱਥਰ ਤੱਕ ਸੁੱਟਣ ਦਾ ਹੌਸਲਾ ਨਹੀਂ ਦਿਖਾਇਆ। ਉਨ੍ਹਾਂ ਯੂਪੀ ਦੇ ਵੋਟਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਮਾਫ਼ੀਆ ਰਾਜ, ਸਪੱਸ਼ਟ ਤੌਰ ’ਤੇ ਸਮਾਜਵਾਦੀ ਪਾਰਟੀ ਮੁੜ ਸੱਤਾ ’ਚ ਆ ਜਾਂਦੀ ਹੈ ਤਾਂ ਲੋਕ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਾਲ 2018 ਵਿੱਚ ਅਲੀਗੜ੍ਹ ਵਿੱਚ ਐਲਾਨੇ ਰੱਖਿਆ ਕੌਰੀਡੋਰ ਵਿੱਚ ਨਿਵੇਸ਼ ਕਰਨ ਤੋਂ ਗੁਰੇਜ਼ ਕਰਨਗੇ। ਉਹ ਇੱਥੇ ਪਾਰਟੀ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੇ ਪੋਤਰੇ ਸੰਦੀਪ ਸਿੰਘ ਦੇ ਪੱਖ ’ਚ ਅਤਰੌਲੀ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਸ਼ਾਹ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਹਟਾਉਣ ਦਾ ਵਿਰੋਧ ਕਰਨ ਵਾਲੀ ਬਸਪਾ ਤੇ ਕਾਂਗਰਸ ’ਤੇ ਵੀ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ,‘ਜੇਕਰ ਸਪਾ, ਬਸਪਾ ਤੇ ਕਾਂਗਰਸ ਸੱਤਾ ’ਚ ਹੁੰਦੀ ਤਾਂ ਕਿ ਉਨ੍ਹਾਂ ਜੰਮੂ ਕਸ਼ਮੀਰ ’ਚੋਂ ਧਾਰਾ 370 ਵਾਪਸ ਲਈ ਹੁੰਦੀ। ਜਦੋਂ ਮੋਦੀ ਜੀ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ 5 ਅਗਸਤ 2019 ਨੂੰ ਉਨ੍ਹਾਂ ਇਹ ਧਾਰਾ ਵਾਪਸ ਲੈ ਲਈ। ਅਖਿਲੇਸ਼ ਯਾਦਵ ਇਸ ਦੇ ਖ਼ਿਲਾਫ਼ ਸਨ। ਤੁਸੀਂ ਅਜਿਹੀ ਵੋਟ ਰਾਜਨੀਤੀ ਕਿਉਂ ਕਰਦੇ ਹੋ?’ ਉਨ੍ਹਾਂ ਕਿਹਾ ਕਿ ਸਾਲ 2014 ਅਤੇ 2019 ਦੀਆਂ ਆਮ ਚੋਣਾਂ ਤੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਯੂਪੀ ਦੀ ਕਿਸਮਤ ਬਦਲਣ ਲਈ ਸਨ। -ਪੀਟੀਆਈ