ਇੰਫਾਲ: ਮਣੀਪੁਰ ’ਚ ਰੋਜ਼ਾਨਾ ਅਖ਼ਬਾਰ ‘ਪੋਕਨਾਫ਼ਾਮ’ ਦੇ ਦਫ਼ਤਰ ’ਤੇ ਹੱਥਗੋਲੇ ਨਾਲ ਹਮਲੇ ਦੇ ਰੋਸ ਵਜੋਂ ਅੱਜ ਪੱਤਰਕਾਰਾਂ ਵੱਲੋਂ ਕੰਮ ਠੱਪ ਕੀਤੇ ਜਾਣ ਕਾਰਨ ਸੁੂਬੇ ’ਚ ਕੋਈ ਵੀ ਅਖ਼ਬਾਰ ਨਾ ਛਪਿਆ ਅਤੇ ਨਾ ਹੀ ਕਿਸੇ ਟੀ.ਵੀ. ’ਤੇ ਕੋਈ ਖ਼ਬਰ ਪੇਸ਼ ਹੋਈ। ਪੱਤਰਕਾਰਾਂ ਨੇ ਦੱਸਿਆ ਕੰਮ ਰੋਕਣ ਦਾ ਇਹ ਫ਼ੈਸਲਾ ਆਲ ਮਣੀਪੁਰ ਵਰਕਿੰਗ ਜਨਰਲਿਸਟ ਯੂਨੀਅਨ (ਏਐੱਮਡਬਲਿਊਜੇਯੂ) ਅਤੇ ਐਡੀਟਰਜ਼ ਗਿਲਫ਼ ਆਫ਼ ਮਣੀਪੁਰ (ਈਜੀਐੱਮ) ਦੇ ਸੱਦੇ ’ਤੇ ਲਿਆ ਗਿਆ। ਪੁਲੀਸ ਨੇ ਦੱਸਿਆ ਕਿ ਕੇਸ਼ੀਆਪਤ ਥਈਅਮ ਲੇਈਕਾਈ ਵਿੱਚ ‘ਪੋਕਨਾਫ਼ਾਮ’ ਦੇ ਦਫ਼ਤਰ ’ਤੇ ਸ਼ਨਿਚਰਵਾਰ ਨੂੰ ਹੋਏ ਹਮਲੇ ਦੇ ਰੋਸ ਵਜੋਂ ਪੱਤਰਕਾਰਾਂ ਨੇ ਕੇਸ਼ੀਆਪਤ ਲੇਈਮਾਜਾਮ ਲੇਈਕਾਈ ’ਚ ਧਰਨਾ ਦਿੱਤਾ। ਬਾਅਦ ਵਿੱਚ ਮੁੱਖ ਮੰਤਰੀ ਐੱਨ. ਬਿਰੇਨ ਸਿੰਘ ਨੂੰ ਇੱਕ ਮੈਮੋਰੰਡਮ ਦੇ ਕੇ ਸੂਬੇ ਵਿੱਚ ਪ੍ਰੈੱਸ ਨੂੰ ਆਜ਼ਾਦੀ ਨਾਲ ਕੰਮ ਕਰਨਾ ਯਕੀਨੀ ਬਣਾਉਣ ਦੀ ਮੰਗ ਕੀਤੀ। -ਪੀਟੀਆਈ