ਨਵੀਂ ਦਿੱਲੀ: ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਨੇ ਅੱਜ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿ ਦੇਸ਼ ਭਰ ’ਚ ਯੂਨੀਵਰਸਿਟੀਆਂ ਤੇ ਕਾਲਜਾਂ ਦਾ ਨਵਾਂ ਅਕਾਦਮਿਕ ਸੈਸ਼ਨ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਵੇਗਾ ਜਦਕਿ ਦਾਖਲਿਆਂ ਦੀ ਪ੍ਰਕਿਰਿਆ 30 ਸਤੰਬਰ ਤੱਕ ਪੂਰੀ ਕਰ ਲਈ ਜਾਵੇ। ਯੂਨੀਵਰਸਿਟੀ ਤੇ ਉੱਚ ਸਿੱਖਿਆ ਸੰਸਥਾਵਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਗਰੈਜੂਏਸ਼ਨ ਦੇ ਕੋਰਸਾਂ ਲਈ ਦਾਖਲਾ ਪ੍ਰਕਿਰਿਆ ਸੀਬੀਐੱਸਈ, ਆਈਸੀਐੱਸਈ ਤੇ ਸਾਰੇ ਰਾਜਾਂ ਦੇ ਸਕੂਲ ਬੋਰਡਾਂ ਵੱਲੋਂ ਨਤੀਜਾ ਐਲਾਨੇ ਜਾਣ ਤੋਂ ਬਾਅਦ ਹੀ ਸ਼ੁਰੂ ਕੀਤੀ ਜਾਵੇ। ਕਮਿਸ਼ਨ ਨੇ ਨਵੇਂ ਦਿਸ਼ਾ ਨਿਰਦੇਸ਼ ’ਚ ਕਿਹਾ, ‘ਅਜਿਹੀ ਉਮੀਦ ਕੀਤੀ ਜਾਂਦੀ ਹੈ ਕਿ ਸਾਰੇ ਸਕੂਲ ਬੋਰਡ 12ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ 31 ਜੁਲਾਈ ਤੱਕ ਐਲਾਨ ਦੇਣਗੇ। ਜੇਕਰ ਪ੍ਰੀਖਿਆਵਾਂ ਦੇ ਨਤੀਜਿਆਂ ’ਚ ਕੋਈ ਦੇਰੀ ਹੁੰਦੀ ਹੈ ਤਾਂ ਨਵਾਂ ਅਕਾਦਮਿਕ ਵਰ੍ਹਾ 18 ਅਕਤੂਬਰ ਤੱਕ ਸ਼ੁਰੂ ਹੋ ਸਕਦਾ ਹੈ।’ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਆਫਲਾਈਨ ਤੇ ਆਨਲਾਈਨ ਦੋਵਾਂ ਤਰ੍ਹਾਂ ਹੀ ਜਾਰੀ ਰਹਿਣੀ ਚਾਹੀਦੀ ਹੈ। ਮਹਾਮਾਰੀ ਕਾਰਨ ਮਾਪਿਆਂ ਦੀ ਵਿੱਤੀ ਪ੍ਰੇਸ਼ਾਨੀ ਨੂੰ ਦੇਖਦਿਆਂ ਕਮਿਸ਼ਨ ਨੇ ਯੂਨੀਵਰਸਿਟੀਆਂ
ਤੇ ਉੱਚ ਸਿੱਖਿਆ ਸੰਸਥਾਵਾਂ ਨੂੰ ਇਹ ਯਕੀਨੀ ਬਣਾਉਣ ਨੂੰ ਕਿਹਾ ਹੈ ਕਿ ਦਾਖਲਾ ਰੱਦ ਕਰਵਾਏ ਜਾਣ ਜਾਂ ਵਿਦਿਆਰਥੀ ਦੀ ਮਾਈਗਰੇਸ਼ਨ ਦੇ ਮਾਮਲੇ ’ਚ ਪੂਰੀ ਫੀਸ ਵਾਪਸ ਕੀਤੀ ਜਾਵੇ। ਕਮਿਸ਼ਨ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਲਈ ਆਖਰੀ ਸੈਸ਼ਨ ਜਾਂ ਆਖਰੀ ਵਰ੍ਹੇ ਦੀਆਂ ਪ੍ਰੀਖਿਆਵਾਂ 31 ਅਗਸਤ ਤੱਕ ਕਰਵਾਉਣੀਆਂ ਜ਼ਰੂਰੀ ਕਰ ਦਿੱਤਾ ਹੈ। ਪ੍ਰੀਖਿਆਵਾਂ ਆਨਲਾਈਨ ਤੇ ਆਫਲਾਈਨ ਜਾਂ ਦੋਵਾਂ ਢੰਗਾਂ ਨਾਲ ਕਰਵਾਈ ਜਾ ਸਕਦੀ ਹੈ। -ਪੀਟੀਆਈ