ਗਗਨਦੀਪ ਅਰੋੜਾ
ਲੁਧਿਆਣਾ, 10 ਮਈ
ਲੁਧਿਆਣਾ ਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਨਾਮਜ਼ਦਗੀਆਂ ਭਰਨ ਦੇ ਚੌਥੇ ਦਿਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਕੋਲ ਕੁੱਲ 12 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ। ਇਸ ਨਾਲ ਲੁਧਿਆਣਾ ਲੋਕ ਸਭਾ ਹਲਕੇ ਲਈ ਕੁੱਲ ਨਾਮਜ਼ਦਗੀਆਂ ਦੀ ਗਿਣਤੀ 20 ਹੋ ਗਈ ਹੈ। ਹੁਣ ਦੋ ਦਿਨ ਸਰਕਾਰੀ ਛੁੱਟੀ ਤੋਂ ਬਾਅਦ ਸੋਮਵਾਰ ਤੇ ਮੰਗਲਵਾਰ ਨੂੰ ਦੁਬਾਰਾ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 12 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਨ੍ਹਾਂ ਵਿੱਚ ਭਾਜਪਾ ਤੋਂ ਰਵਨੀਤ ਸਿੰਘ ਬਿੱਟੂ, ਸਮਾਜਿਕ ਸੰਘਰਸ਼ ਪਾਰਟੀ ਤੋਂ ਹਰਵਿੰਦਰ ਕੌਰ, ਭਾਰਤੀ ਇਨਕਲਾਬ ਪਾਰਟੀ ਤੋਂ ਸੰਤੋਸ਼ ਕੁਮਾਰ, ਨਰੇਸ਼ ਕੁਮਾਰ ਧੀਂਗਾਨ (ਆਜ਼ਾਦ), ਕਰਨ ਧੀਂਗਾਨ (ਆਜ਼ਾਦ), ਲਖਵੀਰ ਸਿੰਘ (ਆਜ਼ਾਦ), ਭੋਲਾ ਸਿੰਘ (ਆਜ਼ਾਦ), ਵਿਸ਼ਾਲ ਕੁਮਾਰ ਅਰੋੜਾ (ਆਜ਼ਾਦ), ਬਲਵਿੰਦਰ ਸਿੰਘ (ਆਜ਼ਾਦ), ਸਹਿਜਧਾਰੀ ਸਿੱਖ ਪਾਰਟੀ ਤੋਂ ਅਮਨਦੀਪ ਸਿੰਘ, ਬਹੁਜਨ ਸਮਾਜ ਪਾਰਟੀ ਬਸਪਾ ਤੋਂ ਦਵਿੰਦਰ ਸਿੰਘ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਤੋਂ ਜਸਵਿੰਦਰ ਕੌਰ ਸ਼ਾਮਲ ਹਨ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਉਮੀਦਵਾਰਾਂ ਨੇ ਭਾਰਤੀ ਸੰਵਿਧਾਨ ਦੀ ਪਾਲਣਾ ਕਰਨ, ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਅਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦਾ ਪ੍ਰਣ ਵੀ ਲਿਆ। ਲੁਧਿਆਣਾ ਲੋਕ ਸਭਾ ਹਲਕੇ ਲਈ ਦਾਖਲ ਨਾਮਜ਼ਦਗੀਆਂ ਦੀ ਕੁੱਲ ਗਿਣਤੀ ਹੁਣ 20 ਹੋ ਗਈ ਹੈ।