ਹੈਦਰਾਬਾਦ, 10 ਮਈ
ਤਿਲੰਗਾਨਾ ਪੁਲੀਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਆਗੂ ਨਵਨੀਤ ਰਾਣਾ ਖ਼ਿਲਾਫ਼ ਉਸ ਦੀ ਕਥਿਤ ਟਿੱਪਣੀ ‘ਕਾਂਗਰਸ ਨੂੰ ਵੋਟ ਪਾਉਣਾ ਪਾਕਿਸਤਾਨ ਨੂੰ ਵੋਟ ਪਾਉਣ ਦੇ ਬਰਾਬਰ ਹੈ’ ਲਈ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਹੈ। ਐੱਫਆਈਆਰ ਅਨੁਸਾਰ ਰਾਣਾ ਨੇ ਇਹ ਟਿੱਪਣੀ 8 ਮਈ ਨੂੰ ਸ਼ਾਦਨਗਰ ਵਿੱਚ ਇੱਕ ਨੁੱਕੜ ਮੀਟਿੰਗ ’ਚ ਕੀਤੀ ਸੀ। ਅਮਰਾਵਤੀ ਤੋਂ ਸੰਸਦ ਮੈਂਬਰ ਰਾਣਾ ਖ਼ਿਲਾਫ਼ ਆਈਪੀਸੀ ਦੀ ਧਾਰਾ 171-ਸੀ, 171-ਐੱਫ, 171-ਜੀ ਅਤੇ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਦੀ ਫਲਾਇੰਗ ਸਕੁਐਡ ਟੀਮ (ਐੱਫਐਸਟੀ) ਨੇ 9 ਮਈ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। -ਪੀਟੀਆਈ