ਨਵੀਂ ਦਿੱਲੀ, 11 ਜਨਵਰੀ
ਭਾਰਤ ਨੇ ਐਡਵਾਂਸਡ ਸੁਪਰਸੌਨਿਕ ਬ੍ਰਹਿਮੋਸ ਮਿਜ਼ਾਈਲ ਦੇ ਨੇਵਲ (ਜਲਸੈਨਾ) ਸਰੂਪ ਦਾ ਅੱਜ ਸਫ਼ਲ ਪ੍ਰੀਖਣ ਕੀਤਾ ਹੈ। ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀਆਰਡੀਓ) ਨੇ ਕਿਹਾ ਕਿ ਅਜ਼ਮਾਇਸ਼ ਦੌਰਾਨ ਮਿਜ਼ਾਈਲ ਆਪਣੇ ਮਿੱਥੇ ਟੀਚੇ ਨੂੰ ਫੁੰਡਣ ਵਿੱਚ ਸਫ਼ਲ ਰਹੀ। ਡੀਆਰਡੀਓ ਨੇ ਟਵੀਟ ਕੀਤਾ, ‘‘ਸਾਗਰ ਤੋਂ ਸਾਗਰ ਤੱਕ ਮਾਰ ਕਰਨ ਵਾਲੀ ਐਡਵਾਂਸਡ ਬ੍ਰਹਿਮੋਸ ਸੁਪਰਸੌਨਿਕ ਕਰੂਜ਼ ਮਿਜ਼ਾਈਲ ਦਾ ਅੱਜ ਇਥੇ ਆਈਐੱਨਐੱਸ ਵਿਸ਼ਾਖਾਪਟਨਮ ਤੋਂ ਪ੍ਰੀਖਣ ਕੀਤਾ ਗਿਆ। ਮਿਜ਼ਾਈਲ ਆਪਣੇ ਮਿੱਥੇ ਟੀਚੇ ਨੂੰ ਪੂਰੀ ਸਟੀਕਤਾ ਨਾਲ ਫੁੰਡਣ ਵਿੱਚ ਸਫ਼ਲ ਰਹੀ।’’ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮਿਜ਼ਾਈਲ ਦੀ ਸਫ਼ਲ ਅਜ਼ਮਾਇਸ਼ ਤੋਂ ਭਾਰਤੀ ਜਲਸੈਨਾ ਦੇ ‘ਮਿਸ਼ਨ ਲਈ ਤਿਆਰੀਆਂ’ ਦੀ ਮਜ਼ਬੂਤੀ ਦਾ ਪਤਾ ਲੱਗਦਾ ਹੈ। ਭਾਰਤ ਤੇ ਰੂਸ ਦੇ ਸਾਂਝੇ ਵੈਂਚਰ ਬ੍ਰਹਿਮੋਸ ਐਰੋਸਪੇਸ ਵੱਲੋਂ ਨਿਰਮਤ ਸੁਪਰਸੌਨਿਕ ਕਰੂਜ਼ ਮਿਜ਼ਾਈਲ ਨੂੰ ਕਿਸੇ ਵੀ ਪਣਡੁੱਬੀ, ਬੇੜੇ, ਜਹਾਜ਼ ਜਾਂ ਜ਼ਮੀਨੀ ਪਲੈਟਫਾਰਮ ਤੋਂ ਛੱਡਿਆ ਜਾ ਸਕਦਾ ਹੈ। ਬ੍ਰਹਿਮੋਸ ਮਿਜ਼ਾਈਲ 2.8 ਮੈਕ ਦੀ ਰਫ਼ਤਾਰ ਨਾਲ ਹਵਾ ਵਿੱਚ ਉੱਡਦੀ ਹੈ, ਜੋ ਕਿ ਆਵਾਜ਼/ਧੁਨੀ ਦੀ ਰਫ਼ਤਾਰ ਤੋਂ ਲਗਪਗ ਤਿੰਨ ਗੁਣਾਂ ਵੱਧ ਹੈ। ਇਸ ਦੌਰਾਨ ਡੀਆਰਡੀਓ ਨੇ ਟੈਂਕ ਫੁੰਡਣ ਵਾਲੀ ਮਿਜ਼ਾਈਲ ਦੀ ਵੀ ਸਫ਼ਲ ਅਜ਼ਮਾਇਸ਼ ਕੀਤੀ ਹੈ। ਇਸ ਮਿਜ਼ਾਈਲ ਨੂੰ ਇਕ ਤੋਂ ਦੂਜੀ ਥਾਂ ਚੁੱਕ ਕੇ ਲਿਜਾਇਆ ਜਾ ਸਕਦਾ ਹੈ। ਭਾਰਤ ਵਿੱਚ ਹੀ ਨਿਰਮਤ ਮਿਜ਼ਾਈਲ ਵਜ਼ਨ ’ਚ ਕਾਫ਼ੀ ਹਲਕੀ ਹੈ ਤੇ ਢਾਈ ਕਿਲੋਮੀਟਰ ਤੱਕ ਦੇ ਫ਼ਾਸਲੇ ’ਤੇ ਨਿਸ਼ਾਨੇ ਨੂੰ ਫੁੰਡਣ ਦੇ ਸਮਰੱਥ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀਆਰਡੀਓ ਨੂੰ ਇਸ ਲਈ ਵਧਾਈ ਦਿੱਤੀ ਹੈ। ਡੀਆਰਡੀਓ ਦੇ ਚੇਅਰਮੈਨ ਜੀ.ਸਤੀਸ਼ ਰੈੱਡੀ ਨੇ ਵੀ ਇਸ ਪ੍ਰਾਜੈਕਟ ਵਿੱਚ ਸ਼ਾਮਲ ਸਾਰਿਆਂ ਨੂੰ ਵਧਾਈ ਦਿੱਤੀ ਹੈ। -ਪੀਟੀਆਈ