ਨਵੀਂ ਦਿੱਲੀ, 22 ਅਗਸਤ
ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਆਪਣੀ ਭੈਣ ਸੁਸ਼ਮਾ ਸਵਰਾਜ ਦੀ ਬਹੁਤ ਯਾਦ ਆਉਂਦੀ ਤੇ ਖਾਸ ਤੌਰ ’ਤੇ ਰੱਖੜੀ ਮੌਕੇ ਉਸ ਦੀ ਕਮੀ ਬਹੁਤ ਰੜਕਦੀ ਹੈ। ਸ੍ਰੀ ਨਾਇਡੂ ਮਰਹੂਮ ਸੁਸ਼ਮਾ ਸਵਰਾਜ ਦੀ ਧੀ ਬਾਂਸੁਰੀ ਵੱਲੋਂ ਕੀਤੇ ਉਸ ਟਵੀਟ ਦਾ ਜਵਾਬ ਦੇ ਰਹੇ ਸਨ ਜਿਸ ’ਚ ਉਸ ਨੇ ਸਾਬਕਾ ਕੇਂਦਰੀ ਮੰਤਰੀ ਵੱਲੋਂ ਨਾਇਡੂ ਨੂੰ ਰੱਖੜੀ ਬੰਨ੍ਹਣ ਤੇ ਮੱਥੇ ’ਤੇ ਟਿੱਕਾ ਲਾਉਣ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਉਸ ਨੇ ਲਿਖਿਆ, ‘ਕੁਝ ਰਿਸ਼ਤੇ ਇੰਨੇ ਮਜ਼ਬੂਤ ਤੇ ਮਿੱਠੇ ਹੁੰਦੇ ਹਨ ਕਿ ਉਹ ਸਮਾਂ ਲੰਘਣ ਦੇ ਬਾਵਜੂਦ ਫਿੱਕੇ ਨਹੀਂ ਪੈਂਦੇ। ਸਾਰਿਆਂ ਨੂੰ ਰੱਖੜੀ ਦੀ ਵਧਾਈ।’ ਇਸ ਦਾ ਜਵਾਬ ਦਿੰਦਿਆਂ ਦਾ ਨਾਇਡੂ ਨੇ ਟਵੀਟ ਕੀਤਾ, ‘ਆਪਣੀ ਭੈਣ ਸੁਸ਼ਮਾ ਜੀ ਦੀ ਬਹੁਤ ਯਾਦ ਆਉਂਦੀ ਹੈ ਅਤੇ ਖਾਸ ਕਰਕੇ ਅੱਜ।’ ਜ਼ਿਕਰਯੋਗ ਹੈ ਕਿ ਸੁਸ਼ਮਾ ਸਵਰਾਜ ਦਾ 6 ਅਗਸਤ 2019 ਨੂੰ ਦੇਹਾਂਤ ਹੋ ਗਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਬੰਗਲੂਰੂ ’ਚ ਸਕੂਲੀ ਵਿਦਿਆਰਥਣਾਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਔਰਤਾਂ ਲਈ ਸਨਮਾਨ ਤੇ ਸੁਰੱਖਿਅਤ ਮਾਹੌਲ ਯਕੀਨੀ ਮਨਾਇਆ ਜਾਵੇ। ਇਸੇ ਦੌਰਾਨ ਉੱਪ ਰਾਸ਼ਟਰਪਤੀ ਨੇ ਲੋਕਾਂ ਨੂੰ ਵਿਸ਼ਵ ਸੰਸਕ੍ਰਿਤ ਦਿਵਸ ਮੌਕੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਸਵਾਮੀ ਵਿਵੇਕਾਨੰਦ ਦੇ ਹਵਾਲੇ ਨਾਲ ਕਿਹਾ ਕਿ ਸੰਸਕ੍ਰਿਤ ਦੀ ਧੁਨੀ ਦੀ ਸੰਗੀਤਮਈ ਹੈ। ਨਾਇਡੂ ਨੇ ਕਿਹਾ ਕਿ ਸੰਸਕ੍ਰਿਤ ਭਾਰਤ ਦੀ ਪ੍ਰਾਚੀਨ ਭਾਸ਼ਾ ਹੈ ਅਤੇ ਇਸ ਨੇ ਕਈ ਹੋਰ ਭਾਸ਼ਾਵਾਂ ਨੂੰ ਜਨਮ ਦਿੱਤਾ ਹੈ। ਉੱਪ ਰਾਸ਼ਟਰਪਤੀ ਸਕੱਤਰੇਤ ਵੱਲੋਂ ਕੀਤੇ ਗਏ ਟਵੀਟ ’ਚ ਦੱਸਿਆ ਗਿਆ ਕਿ ਨਾਇਡੂ ਨੇ ਕਿਹਾ, ‘ਆਓ ਅੱਜ ਦੇ ਦਿਨ ਇਸ ਖੂਬਸੂਰਤ ਭਾਸ਼ਾ ਨੂੰ ਹਰਮਨਪਿਆਰਾ ਬਣਾਈਏ ਅਤੇ ਇਸ ਨੂੰ ਸੁਰਜੀਤ ਕਰਨ ਦਾ ਅਹਿਦ ਲਈਏ।’ -ਪੀਟੀਆਈ