ਚੇਨੱਈ, 3 ਜੁਲਾਈ
ਰਾਸ਼ਟਰਪਤੀ ਦੇ ਅਹੁਦੇ ਲਈ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਆਪਣੀ ਵਿਰੋਧੀ ਤੇ ਐੱਨਡੀਏ ਦੀ ਉਮੀਦਵਾਰ ਦਰੋਪਦੀ ਮੁਰਮੂ ਨੂੰ ਅੱਜ ਇਹ ਵਾਅਦਾ ਕਰਨ ਦੀ ਅਪੀਲ ਕੀਤੀ ਕਿ ਜੇਕਰ ਉਹ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਸਿਰਫ਼ ਨਾਮ ਦੀ ਹੀ ਰਾਸ਼ਟਰਪਤੀ ਨਹੀਂ ਹੋਣਗੇ। ਸਿਨਹਾ ਨੇ ਨਿਆਂਪਾਲਿਕਾ ਖ਼ਿਲਾਫ਼ ਲਾਏ ਜਾ ਰਹੇ ਦੋਸ਼ਾਂ ’ਤੇ ਵੀ ਚਿੰਤਾ ਜ਼ਾਹਿਰ ਕੀਤੀ।
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਾਬਕਾ ਅਹੁਦੇਦਾਰ ਨੂਪੁਰ ਸ਼ਰਮਾ ਖ਼ਿਲਾਫ਼ ਸੁਪਰੀਮ ਕੋਰਟ ਦੀਆਂ ਕੁਝ ਟਿੱਪਣੀਆਂ ਤੋਂ ਬਾਅਦ ਨਿਆਂਪਾਲਿਕਾ ਖ਼ਿਲਾਫ਼ ਗਲਤ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ਾਂ ਨੂੰ ਭਾਰਤੀ ਲੋਕਤੰਤਰ ’ਚ ਬਹੁਤ ਹੀ ਨਿਰਾਸ਼ਾ ਭਰੀ ਕਾਰਵਾਈ ਦੱਸਿਆ। ਸਾਬਕਾ ਕੇਂਦਰੀ ਮੰਤਰੀ ਨੇ ਕੇਂਦਰ ਸਰਕਾਰ ’ਤੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਐਨਫੋਰਸਮੈਂਟ ਡਾਇਰੈਕਟੋਰੇਟ, ਸੀਬੀਆਈ ਤੇ ਆਮਦਨ ਕਰ ਵਿਭਾਗ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਵੀ ਦੋਸ਼ ਲਾਇਆ। ਸਿਨਹਾ ਆਪਣੀ ਚੋਣ ਪ੍ਰਚਾਰ ਮੁਹਿੰਮ ਤਹਿਤ ਬੰਗਲੂਰੂ ਵਿੱਚ ਹਨ। ਉਨ੍ਹਾਂ ਇੱਥੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ’ਚ ਵੀ ਹਿੱਸਾ ਲਿਆ। ਮੀਟਿੰਗ ’ਚ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ, ਕਾਂਗਰਸ ਵਿਧਾਇਕ ਦਲ ਦੇ ਨੇਤਾ ਸਿੱਧਾਰਮਈਆ, ਪਾਰਟੀ ਦੇ ਸੂਬਾਈ ਇਕਾਈ ਦੇ ਮੁਖੀ ਡੀਕੇ ਸ਼ਿਵਕੁਮਾਰ ਅਤੇ ਪਾਰਟੀ ਦੇ ਕਈ ਨੇਤਾ ਤੇ ਵਿਧਾਇਕ ਸ਼ਾਮਲ ਹੋਏ।
ਸਿਨਹਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਭਾਜਪਾ ਦੀ ਸਾਬਕਾ ਤਰਜਮਾਨ ਖ਼ਿਲਾਫ਼ ਕੁਝ ਟਿੱਪਣੀਆਂ ਕੀਤੀਆਂ ਸਨ ਅਤੇ ਇਸ ਮਗਰੋਂ ਚੀਫ਼ ਜਸਟਿਸ ਐੱਨਵੀ ਰਾਮੰਨਾ ਨੇ ਇੱਕ ਸਮਾਰੋਹ ’ਚ ਕਿਹਾ, ‘ਨਿਆਂਪਾਲਿਕਾ ਸਿਰਫ਼ ਸੰਵਿਧਾਨ ਪ੍ਰਤੀ ਜਵਾਬਦੇਹ ਹੈ।’ ਉਨ੍ਹਾਂ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਦ੍ਰਿੜ੍ਹ ਤੇ ਸਪੱਸ਼ਟ ਬਿਆਨ ਦਾ ਸਵਾਗਤ ਕਰਦੇ ਹਨ ਤੇ ਇਸ ਲਈ ਚੀਫ ਜਸਟਿਸ ਨੂੰ ਵਧਾਈ ਦਿੰਦੇ ਹਨ। ਸਿਨਹਾ ਨੇ ਮੁਰਮੂ ਨੂੰ ਕਿਹਾ, ‘ਮੈਂ ਅਹਿਦ ਲਿਆ ਹੈ ਕਿ ਜੇਕਰ ਮੈਂ ਚੁਣਿਆ ਜਾਂਦਾ ਹਾਂ ਤਾਂ ਮੈਂ ਸਿਰਫ਼ ਸੰਵਿਧਾਨ ਪ੍ਰਤੀ ਜਵਾਬਦੇਹ ਬਣਾਂਗਾ। ਜਦੋਂ ਵੀ ਕਾਰਜਪਾਲਿਕਾ ਜਾਂ ਹੋਰ ਸੰਸਥਾਵਾਂ ਸੰਵਿਧਾਨਕ ਕੰਟਰੋਲ ਜਾਂ ਤਵਾਜ਼ਨ ਨੂੰ ਨੁਕਸਾਨ ਪਹੁੰਚਾਉਣਗੀਆਂ ਤਾਂ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਹੋਰ ਇਮਾਨਦਾਰੀ ਨਾਲ ਆਪਣੇ ਹੱਕ ਦੀ ਵਰਤੋਂ ਕਰਾਂਗਾ। ਕਿਰਪਾ ਕਰਕੇ ਤੁਸੀਂ ਵੀ ਅਜਿਹਾ ਹੀ ਵਾਅਦਾ ਕਰੋ।’ -ਪੀਟੀਆਈ
ਰਾਹੁਲ ਨੇ ਏਆਈਏਡੀਐੱਮਕੇ ਤੋਂ ਸਿਨਹਾ ਲਈ ਹਮਾਇਤ ਨਹੀਂ ਮੰਗੀ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਉਸ ਖ਼ਬਰ ਨੂੰ ਫਰਜ਼ੀ ਦਸਦਿਆਂ ਖਾਰਜ ਕਰ ਦਿੱਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰਾਹੁਲ ਗਾਂਧੀ ਨੇ ਏਆਈਏਡੀਐੱਮਕੇ ਦੇ ਨੇਤਾ ਈ ਪਲਾਨੀਸਵਾਮੀ ਨੂੰ ਫੋਨ ਕਰਕੇ ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਲਈ ਪਾਰਟੀ ਦੀ ਹਮਾਇਤ ਮੰਗੀ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਖ਼ਬਰ ਫਰਜ਼ੀ ਤੇ ਗਲਤ ਹੈ ਅਤੇ ਇਸ ਦਾ ਮਕਸਦ ਭਰਮ ਪੈਦਾ ਕਰਨਾ ਹੈ। ਰਮੇਸ਼ ਨੇ ਕਿਹਾ, ‘ਇਹ ਪੂਰੀ ਤਰ੍ਹਾਂ ਫਰਜ਼ੀ ਤੇ ਝੂਠੀ ਖ਼ਬਰ ਹੈ। ਅਜਿਹਾ ਕੋਈ ਫੋਨ ਨਹੀਂ ਕੀਤਾ ਗਿਆ। ਡੀਐੱਮਕੇ ਤੇ ਕਾਂਗਰਸ ਦਾ ਗੱਠਜੋੜ ਇੰਨਾ ਮਜ਼ਬੂਤ ਹੈ ਕਿ ਉਹ ਭਰਮ ਪੈਦਾ ਕਰਨ ਅਤੇ ਇਸ ਨੂੰ ਕਮਜ਼ੋਰ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਦਾ ਸਾਹਮਣਾ ਕਰ ਸਕਦਾ ਹੈ।’ ਕਾਂਗਰਸ ਦੇ ਡੀਐੱਮਕੇ 18 ਜੁਲਾਈ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ’ਚ ਸਿਨਹਾ ਦੀ ਹਮਾਇਤ ਕਰ ਰਹੇ ਹਨ। -ਪੀਟੀਆਈ