ਸ੍ਰੀਨਗਰ, 24 ਅਗਸਤ
ਸ੍ਰੀਨਗਰ ਪੁਲੀਸ ਨੇ ਦੋ ਸਾਲ ਪਹਿਲਾਂ ਮਾਰੇ ਗਏ ਇੱਕ ਵਕੀਲ ਦੇ ਕਤਲ ਮਾਮਲੇ ਦੀ ਜਾਂਚ ਤਹਿਤ ਅੱਜ ਜੰਮੂ-ਕਸ਼ਮੀਰ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਮੀਆਂ ਅਬਦੁਲ ਕਯੂਮ ਸਣੇ ਤਿੰਨ ਵਕੀਲਾਂ ਦੀਆਂ ਰਿਹਾਇਸ਼ਾਂ ’ਤੇ ਛਾਪੇ ਮਾਰ ਕੇ ਡਿਜੀਟਲ ਉਪਕਰਨ, ਬੈਂਕ ਸਟੇਟਮੈਂਟਾਂ ਅਤੇ ਕੁਝ ਦਸਤਾਵੇਜ਼ ਜ਼ਬਤ ਕੀਤੇ ਹਨ। ਕਸ਼ਮੀਰ ਜ਼ੋਨ ਦੇ ਏਡੀਜੀਪੀ ਵਿਜੈ ਕੁਮਾਰ ਨੇ ਟਵੀਟ ਕੀਤਾ, ‘‘ਸ੍ਰੀਨਗਰ ਪੁਲੀਸ ਨੇ ਵਕੀਲ ਬਾਬਰ ਕਾਦਰੀ ਦੇ ਕਤਲ ਸਬੰਧੀ ਲਾਲ ਬਾਜ਼ਾਰ ਥਾਣੇ ’ਚ ਦਰਜ ਐੱਫਆਈਆਰ ਤਹਿਤ ਵਕੀਲ ਮੀਆਂ ਕਯੂਮ, ਵਕੀਲ ਮਨਜ਼ੂਰ ਡਾਰ ਅਤੇ ਵਕੀਲ ਮੁਜ਼ੱਫਰ ਮੁਹੰਮਦ ਦੀ ਰਿਹਾਇਸ਼ ’ਤੇ ਛਾਪੇ ਮਾਰੇ।’’ ਪੁਲੀਸ ਦੇ ਇੱਕ ਤਰਜਮਾਨ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਤਹਿਤ ਬਰਜ਼ੁੱਲਾ ਵਿੱਚ ਦੋ ਥਾਈਂ ਜਦਕਿ ਬਰੈਇਨ-ਨਿਸ਼ਾਂਤ ਅਤੇ ਮਾਈਸੂਮਾ ਵਿੱਚ ਇੱਕ-ਇੱਕ ਥਾਂ ’ਤੇ ਛਾਪਾ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਡਿਜੀਟਲ ਉਪਕਰਨ, ਬੈਂਕ ਸਟੇਟਮੈਂਟਾਂ, ਜਾਇਦਾਦ ਵੇਚਣ ਸਬੰਧੀ ਕਾਗਜ਼ਾਤ, ਸ਼ੱਕੀ ਕਿਤਾਬਾਂ ਤੇ ਹੋਰ ਸਮੱਗਰੀ ਜ਼ਬਤ ਕੀਤੀ ਗਈ ਹੈ। -ਪੀਟੀਆਈ