ਅਹਿਮਦਾਬਾਦ: ਗੁਜਰਾਤ ਅਤਿਵਾਦੀ ਵਿਰੋਧੀ ਦਸਤੇ (ਏਟੀਐੱਸ) ਨੇ 1993 ਦੇ ਮੁੰਬਈ ਲੜੀਵਾਰ ਧਮਾਕਿਆਂ ਦੇ ਕੇਸ ਵਿੱਚ 29 ਸਾਲ ਤੋਂ ਭਗੌੜੇ ਚੱਲ ਰਹੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਬੂ ਬਕਰ, ਸਈਅਦ ਕੁਰੈਸ਼ੀ, ਮੁਹੰਮਦ ਸ਼ੋਇਬ ਕੁਰੈਸ਼ੀ ਅਤੇ ਮੁਹੰਮਦ ਯੂਸਫ ਇਸਮਾਈਲ ਵਾਸੀ ਮੁੰਬਈ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਅਹਿਮਦਾਬਾਦ ਦੇ ਸਰਦਾਰਨਗਰ ਇਲਾਕੇ ’ਚੋਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਆਪਣੀ ਅਸਲੀ ਪਛਾਣ ਲੁਕਾਉਣ ਲਈ ਜਾਅਲੀ ਦਸਤਾਵੇਜ਼ਾਂ ਰਾਹੀਂ ਪਾਸਪੋਰਟ ਬਣਾਏ ਹੋਏ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਚਾਰੇ ਮੁਲਜ਼ਮ 1993 ਦੇ ਮੁੰਬਈ ਲੜੀਵਾਰ ਧਮਾਕਿਆਂ ਦੇ ਕੇਸ ਵਿੱਚ ਲੋੜੀਂਦੇ ਹਨ। -ਪੀਟੀਆਈ