ਨਵੀਂ ਦਿੱਲੀ, 23 ਜੂਨ
ਦਿੱਲੀ ਵਿੱਚ ਜੂਨ ਦੇ ਅਖ਼ੀਰ ਤੱਕ ਮੌਨਸੂਨ ਆਉਣ ਦੀ ਸੰਭਾਵਨਾ ਨਹੀਂ ਹੈ ਅਤੇ ਉਦੋਂ ਤੱਕ ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਕੇਰਲਾ ਵਿੱਚ ਦੋ ਦਿਨ ਦੀ ਦੇਰੀ ਨਾਲ ਪਹੁੰਚਣ ਮਗਰੋਂ ਮੌਨਸੂਨ ਪੂਰਬੀ, ਕੇਂਦਰੀ ਅਤੇ ਉਤਰ ਪੱਛਮੀ ਭਾਰਤ ਵਿੱਚ ਸੱਤ ਤੋਂ ਦਸ ਦਿਨ ਪਹਿਲਾਂ ਹੀ ਪਹੁੰਚ ਗਿਆ। ਹਾਲਾਂਕਿ ਦਿੱਲੀ, ਰਾਜਸਥਾਨ ਦੇ ਕੁੱਝ ਹਿੱਸਿਆਂ, ਹਰਿਆਣਾ ਅਤੇ ਪੰਜਾਬ ਸਣੇ ਦੇਸ਼ ਦੇ ਬਾਕੀ ਹਿੱਸਿਆਂ ਨੂੰ ਮੌਨਸੂਨ ਲਈ ਅਗਲੇ ਸੱਤ ਦਿਨ ਹੋਰ ਉਡੀਕ ਕਰਨੀ ਹੋਵੇਗੀ।
ਮੌਸਮ ਵਿਭਾਗ ਨੇ ਕਿਹਾ ਕਿ ਬੁੱਧਵਾਰ ਨੂੰ ਸਵੇਰੇ ਕੌਮੀ ਰਾਜਧਾਨੀ ਵਿੱਚ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸਾਲ ਦੇ ਇਸ ਸਮੇਂ ਲਈ ਆਮ ਹੈ। ਜ਼ਿਆਦਾਤਰ ਤਾਪਮਾਨ 39 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦਾ ਅਨੁਮਾਨ ਹੈ।
ਖੇਤਰੀ ਮੌਸਮ ਕੇਂਦਰ ਦੇ ਪ੍ਰਮੁੱਖ ਕੁਲਦੀਪ ਸ੍ਰੀਵਾਸਤਵ ਨੇ ਦੱਸਿਆ ਕਿ ਦਿੱਲੀ-ਐੱਨਸੀਆਰ ਵਿੱਚ 26 ਜੂਨ ਦੇ ਨੇੜੇ-ਤੇੜੇ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਹੈ, ਪਰ ਇਸ ਖੇਤਰ ਨੂੰ ਮੌਨਸੂਨ ਦੇ ਭਰਵੇਂ ਮੀਂਹ ਲਈ ਉਡੀਕ ਕਰਨੀ ਹੋਵੇਗੀ। ਮੌਸਮ ਵਿਭਾਗ ਨੇ ਪਹਿਲਾਂ ਪੇਸ਼ੀਨਗੋਈ ਕੀਤੀ ਸੀ ਕਿ ਦਿੱਲੀ ਵਿੱਚ ਤੈਅ ਪ੍ਰੋਗਰਾਮ ਤੋਂ 12 ਦਿਨ ਪਹਿਲਾਂ 15 ਜੂਨ ਤੱਕ ਮੌਨਸੂਨੀ ਹਵਾਵਾਂ ਚੱਲ ਸਕਦੀਆਂ ਹਨ। ਆਮ ਤੌਰ ’ਤੇ ਮੌਨਸੂਨ 27 ਜੂਨ ਤੱਕ ਦਿੱਲੀ ਪਹੁੰਚਦੀ ਹੈ ਅਤੇ ਅੱਠ ਜੁਲਾਈ ਤੱਕ ਪੂਰੇ ਦੇਸ਼ ਵਿੱਚ ਪਹੁੰਚ ਜਾਂਦੀ ਹੈ। -ਪੀਟੀਆਈ