ਮੁੰਬਈ, 1 ਜੁਲਾਈ
ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਅੱਜ ਇਥੇ ਐੱਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਹੋ ਕੇ ਮਨੀ ਲਾਂਡਰਿੰਗ ਦੀ ਜਾਂਚ ਨਾਲ ਜੁੜੇ ਕੇਸ ਵਿੱਚ ਆਪਣੇ ਬਿਆਨ ਦਰਜ ਕਰਵਾਏ। ਰਾਊਤ ਸਵੇਰੇ ਸਾਢੇ ਗਿਆਰਾਂ ਵਜੇ ਦੇ ਕਰੀਬ ਸੰਘੀ ਏਜੰਸੀ ਦੇ ਇਥੇ ਦੱਖਣੀ ਮੁੰਬਈ ਵਿੱਚ ਬਲਾਰਡ ਅਸਟੇਟ ਸਥਿਤ ਈਡੀ ਦਫ਼ਤਰ ਵਿੱਚ ਪੁੱਜੇ। ਏਜੰਸੀ ਨੇ ਰਾਊਤ ਤੋਂ 10 ਘੰਟੇ ਦੇ ਕਰੀਬ ਪੁੱਛ ਪੜਤਾਲ ਕੀਤੀ। ਏਜੰਸੀ ਦੇ ਦਫ਼ਤਰ ਬਾਹਰ ਵੱਡੀ ਗਿਣਤੀ ਸ਼ਿਵ ਸੈਨਿਕਾਂ ਦੀ ਮੌਜੂਦਗੀ ਕਰਕੇ ਉਥੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਸਨ। ਈਡੀ ਦਫ਼ਤਰ ਨੂੰ ਜਾਂਦੀਆਂ ਸਾਰੀਆਂ ਸੜਕਾਂ ’ਤੇ ਰੋਕਾਂ ਲਾਈਆਂ ਹੋਈਆਂ ਸਨ। ਰਾਜ ਸਭਾ ਮੈਂਬਰ ਰਾਊਤ ਨੇ ਦਫ਼ਤਰ ਵਿੱਚ ਦਾਖ਼ਲ ਹੋਣ ਮੌਕੇ ਗ਼ਲ ਵਿੱਚ ਪਾਇਆ ਭਗਵੇਂ ਰੰਗ ਦਾ ਗੁਲੂਬੰਦ ਆਪਣੇ ਹਮਾਇਤੀਆਂ ਵੱਲ ਹਿਲਾਇਆ।
ਈਡੀ ਦਫ਼ਤਰ ਵਿੱਚ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ, ‘‘ਮੈਂ ਏਜੰਸੀ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇਵਾਂਗਾ। ਉਨ੍ਹਾਂ ਨੇ ਮੈਨੂੰ ਸੰਮਨ ਕੀਤਾ ਹੈ, ਉਨ੍ਹਾਂ ਨੂੰ ਮੇਰੇ ਕੋਲੋਂ ਕੁਝ ਜਾਣਕਾਰੀ ਚਾਹੀਦੀ ਹੈ ਤੇ ਸੰਸਦ ਮੈਂਬਰ, ਜ਼ਿੰਮੇਵਾਰ ਨਾਗਰਿਕ ਤੇ ਸਿਆਸੀ ਪਾਰਟੀ ਦਾ ਆਗੂ ਹੋਣ ਦੇ ਨਾਤੇ ਮੇਰਾ ਇਹ ਫ਼ਰਜ਼ ਬਣਦਾ ਹੈ ਕਿ ਮੈਂ ਉਨ੍ਹਾਂ ਨੂੰ ਸਹਿਯੋਗ ਦੇਵਾਂ।’’ ਰਾਊਤ ਨੇ ਕਿਹਾ ਕਿ ਉਹ ‘ਬੇਖੌਫ਼ ਤੇ ਨਿੱਡਰ’ ਹਨ ਕਿਉਂਕਿ ਉਨ੍ਹਾਂ ‘ਆਪਣੀ ਜ਼ਿੰਦਗੀ ਵਿਚ ਕੁਝ ਵੀ ਗ਼ਲਤ ਨਹੀਂ ਕੀਤਾ।’ ਈਡੀ ਵੱਲੋਂ ਦਰਜ ਕੇਸ ਸਿਆਸਤ ਤੋਂ ਪ੍ਰੇਰਿਤ ਹੋਣ ਬਾਰੇ ਪੁੱਛੇ ਜਾਣ ’ਤੇ ਸ਼ਿਵ ਸੈਨਾ ਆਗੂ ਨੇ ਕਿਹਾ, ‘‘ਸਾਨੂੰ ਇਸ ਬਾਰੇ ਬਾਅਦ ਵਿੱਚ ਪਤਾ ਲੱਗੇਗਾ। ਮੇਰਾ ਮੰਨਣਾ ਹੈ ਕਿ ਮੈਂ ਏਜੰਸੀ ਅੱਗੇ ਪੇਸ਼ ਹੋ ਰਿਹਾ ਹਾਂ, ਜੋ ਨਿਰਪੱਖ ਹੈ ਤੇ ਮੈਨੂੰ ਉਸ ’ਤੇ ਪੂਰਾ ਯਕੀਨ ਹੈ। ਮੈਂ ਸੰਮਨਾਂ ਦਾ ਸਨਮਾਨ ਕਰਦਾ ਹਾਂ ਤੇ ਤਫ਼ਤੀਸ਼ੀ ਏਜੰਸੀਆਂ ਨੂੰ ਸਹਿਯੋਗ ਕਰਨਾ ਮੇਰਾ ਫ਼ਰਜ਼ ਹੈ।’’ ਰਾਊਤ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਈਡੀ ਦਫ਼ਤਰ ਅੱਗੇ ਇਕੱਤਰ ਨਾ ਹੋਣ। ਕਾਬਿਲੇਗੌਰ ਹੈ ਕਿ ਈਡੀ ਨੇ ਰਾਜ ਸਭਾ ਮੈਂਬਰ ਨੂੰ ਮੁੰਬਈ ਦੀ ਇਕ ਬਸਤੀ ਦੇ ਪੁਨਰਗਠਨ ਤੇ ਵਿੱਤੀ ਲੈਣ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਪੁੱਛ-ਪੜਤਾਲ ਲਈ ਸੱਦਿਆ ਹੈ। ਕੇਸ ਵਿੱਚ ਰਾਊਤ ਦੀ ਪਤਨੀ ਤੇ ਕੁਝ ਦੋਸਤਾਂ ਦਾ ਵੀ ਨਾਮ ਸ਼ਾਮਲ ਹੈ। ਏਜੰਸੀ ਨੇ ਇਸ ਤੋਂ ਪਹਿਲਾਂ ਰਾਊਤ ਨੂੰ 28 ਮਈ ਲਈ ਸੰਮਨ ਕੀਤਾ ਸੀ, ਪਰ ਸ਼ਿਵ ਸੈਨਾ ਆਗੂ ਨੇ ਕਿਸੇ ਜ਼ਰੂਰੀ ਰੁਝੇਵੇਂ ਦੇ ਹਵਾਲੇ ਨਾਲ ਹਫ਼ਤੇ ਦੀ ਮੋਹਲਤ ਮੰਗੀ ਸੀ। ਏਜੰਸੀ ਨੇ ਇੰਨੇ ਦਿਨਾਂ ਦੀ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਸ਼ੁੱਕਰਵਾਰ ਲਈ ਸੱਜਰੇ ਸੰਮਨ ਜਾਰੀ ਕੀਤੇ ਸਨ। -ਪੀਟੀਆਈ