ਮੁੰਬਈ: ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਕੇਸ ਵਿੱਚ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਖ਼ਿਲਾਫ਼ ਅੱਜ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਜਾਂਚ ਏਜੰਸੀ ਨੇ ਵਿਸ਼ੇਸ਼ ਕੋਰਟ ਅੱਗੇ ਪੇਸ਼ 7000 ਸਫ਼ਿਆਂ ਦੀ ਚਾਰਜਸ਼ੀਟ ਵਿੱਚ ਦੇਸ਼ਮੁਖ ਦੇ ਪੁੱਤਰਾਂ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਐਂਟੀ-ਡਰੱਗ ਏਜੰਸੀ ਇਸ ਤੋਂ ਪਹਿਲਾਂ 14 ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ, ਜਿਸ ਵਿੱਚ ਦੇਸ਼ਮੁਖ ਦਾ ਨਿੱਜੀ ਸਕੱਤਰ (ਵਧੀਕ ਕੁਲੈਕਟਰ ਰੈਂਕ ਦਾ ਅਧਿਕਾਰੀ) ਸੰਜੀਵ ਪਲਾਂਦੇ ਤੇ ਨਿੱਜੀ ਸਹਾਇਕ ਕੁੰਦਨ ਸ਼ਿੰਦੇ ਦਾ ਨਾਮ ਵੀ ਸ਼ਾਮਲ ਹੈ। ਦੇਸ਼ਮੁਖ ਨੂੰ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਇਸ ਮਾਮਲੇ ਵਿੱਚ ਪਹਿਲੀ ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਇਸ ਵੇਲੇ ਉਹ ਨਿਆਂਇਕ ਹਿਰਾਸਤ ਵਿੱਚ ਹੈ। ਸੀਬੀਆਈ ਨੇ ਸੀਨੀਅਰ ਐੱਨਸੀਪੀ ਆਗੂ ਖ਼ਿਲਾਫ਼ 21 ਅਪਰੈਲ ਨੂੰ ਭ੍ਰਿਸ਼ਟਾਚਾਰ ਤੇ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਦੇ ਦੋਸ਼ਾਂ ਤਹਿਤ ਐੱਫਆਈਆਰ ਦਰਜ ਕੀਤੀ ਸੀ, ਜਿਸ ਮਗਰੋਂ ਈਡੀ ਨੇ ਦੇਸ਼ਮੁਖ ਖਿਲਾਫ਼ ਜਾਂਚ ਦਾ ਅਮਲ ਵਿੱਢਿਆ ਸੀ। -ਪੀਟੀਆਈ