ਨਵੀਂ ਦਿੱਲੀ, 6 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਅੱਜ ਭਾਰਤੀ ਜਨ ਸੰਘ ਦੇ ਮੋਢੀ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੇ 121ਵੇਂ ਜਨਮ ਦਿਵਸ ਮੌਕੇ ਸ਼ਰਧਾਂਜਲੀ ਦਿੱਤੀ। ਮੁਖਰਜੀ ਦਾ ਜਨਮ 1901 ਨੂੰ ਕੋਲਕਾਤਾ ਵਿੱਚ ਹੋਇਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੁਖਰਜੀ ਦੀ ਜ਼ਿੰਦਗੀ ਦੇਸ਼ ਦੀ ਏਕਤਾ ਅਤੇ ਤਰੱਕੀ ਨੂੰ ਸਮਰਪਿਤ ਰਹੀ ਹੈ ਅਤੇ ਉਨ੍ਹਾਂ ਦੇ ਵਿਚਾਰ ਦੇਸ਼ ਦੇ ਕਰੋੜਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ। ਮੁਖਰਜੀ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੰਦੀ ਧਾਰਾ 370 ਖ਼ਿਲਾਫ਼ ਮੁਹਿੰਮ ਦੀ ਅਗਵਾਈ ਕੀਤੀ ਸੀ ਅਤੇ 1953 ਵਿੱਚ ਤਤਕਾਲੀ ਰਾਜ ਵਿੱਚ ਨਜ਼ਰਬੰਦੀ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੰਦੀ ਧਾਰਾ 370 ਮਨਸੂਖ਼ ਕਰ ਦਿੱਤੀ ਹੈ। ਜਨ ਸੰਘ 1980 ਵਿੱਚ ਬਣਾਈ ਗਈ ਭਾਰਤੀ ਜਨਤਾ ਪਾਰਟੀ ਦਾ ਪੂਰਵਜ ਹੈ। ਯੋਗੀ ਨੇ ਕਿਹਾ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਆਖ਼ਰੀ ਸਾਹ ਤੱਕ ਦੇਸ਼ ਦੀ ਏਕਤਾ ਅਤੇ ਅਖੰਡਾ ਲਈ ਲੜਦੇ ਰਹੇ। ਉਪ ਰਾਸ਼ਟਰਪਤੀ ਨਾਇਡੂ ਨੇ ਮੁਖਰਜੀ ਨੂੰ ਦੂਰਅੰਦੇਸ਼ੀ ਸਿਆਸਤਦਾਨ ਅਤੇ ਸੱਚਾ ਦੇਸ਼ ਭਗਤ ਕਿਹਾ। -ਪੀਟੀਆਈ