ਨਵੀਂ ਦਿੱਲੀ, 3 ਨਵੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਮੋਰਬੀ ਪੁਲ ਹਾਦਸੇ ਦੀ ਸਹੀ ਢੰਗ ਨਾਲ ਜਾਂਚ ਨਾ ਕਰਨ ਲਈ ਗੁਜਰਾਤ ਸਰਕਾਰ ਦੀ ਝਾੜ-ਝੰਬ ਕਰਨ। ਖੜਗੇ ਨੇ ਟਵੀਟ ਕਰਕੇ ਠੇਕੇਦਾਰਾਂ ਤੇ ਅਧਿਕਾਰੀਆਂ ਖਿਲਾਫ਼ ਹੁਣ ਤੱਕ ਕੋਈ ਕਾਰਵਾਈ ਨਾ ਕੀਤੇ ਜਾਣ ’ਤੇ ਉਜ਼ਰ ਜਤਾਇਆ ਹੈ। ਖੜਗੇ ਨੇ ਕਿਹਾ, ‘‘130 ਤੋਂ ਵੱਧ ਲੋਕ ਮਰ ਗਏ ਤੇ ਠੇਕੇਦਾਰਾਂ ਤੇ ਨਿਗਮ ਅਧਿਕਾਰੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ।’’ ਉਨ੍ਹਾਂ ਕਿਹਾ, ‘‘ਪੁਲ ਦੀ ਜੰਗਾਲ ਖਾਧੀ ਕੇਬਲ ਦੀ ਮੁਰੰਮਤ ਨਹੀਂ ਹੋਈ। ਬਿਨਾਂ ਫਿਟਨੈੱਸ ਸਰਟੀਫਿਕੇਟ ਤੇ ਅਧਿਕਾਰੀਆਂ ਦੀ ਪ੍ਰਵਾਨਗੀ ਦੇ ਪੁਲ ਨੂੰ 26 ਅਕਤੂੁਬਰ ਨੂੰ ਖੋਲ੍ਹ ਦਿੱਤਾ ਗਿਆ। ਕੀ ਇਹ ਅਣਗਹਿਲੀ ਵੀ ਰੱਬ ਦਾ ਭਾਣਾ ਹੈ?’’ -ਏਐੱਨਆਈ