ਨਵੀਂ ਦਿੱਲੀ, 4 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ ਦੇ ਟਾਕਰੇ ਲਈ ਭਾਰਤ ’ਚ ਵੈਕਸੀਨ ਤਿਆਰ ਕਰਨ ਲਈ ਭਾਰਤੀ ਵਿਗਿਆਨੀਆਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਵਿਗਿਆਨੀਆਂ ਨੇ ਮਹਾਮਾਰੀ ਫੈਲਣ ਦੇ ਸਾਲ ਦੇ ਅੰਦਰ-ਅੰਦਰ ਹੀ ਕਈ ਹੋਰ ਤਰੀਕੇ ਵੀ ਖੋਜੇ ਜਿਨ੍ਹਾਂ ਕੋਵਿਡ ਦਾ ਟਾਕਰਾ ਕਰਨ ’ਚ ਮਦਦ ਕੀਤੀ। ਵਿਗਿਆਨਕ ਤੇ ਸਨਅਤੀ ਖੋਜ ਕੌਂਸਲ ਦੀ ਬੈਠਕ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਪਿਛਲੀ ਸਦੀ ਵਿਚ ਭਾਰਤ ਨੂੰ ਵਿਦੇਸ਼ਾਂ ਵਿਚ ਹੋਈ ਖੋਜ ਤੱਕ ਪਹੁੰਚਣ ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਸੀ, ਪਰ ਹੁਣ ਦੇਸ਼ ਦੇ ਵਿਗਿਆਨੀ ਆਪਣੇ ਵਿਦੇਸ਼ੀ ਸਾਥੀਆਂ ਦੇ ਮੋਢੇ ਨਾਲ ਮੋਢੇ ਮਿਲਾ ਕੇ ਕੰਮ ਕਰਦੇ ਹਨ। ਮੋਦੀ ਕੌਂਸਲ ਦੇ ਪ੍ਰਧਾਨ ਵੀ ਹਨ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਸਦੀ ਦੀ ਸਭ ਤੋਂ ਵੱਡੀ ਚੁਣੌਤੀ ਹੈ ਪਰ ਇਤਿਹਾਸ ਗਵਾਹ ਹੈ ਕਿ ਜਦ ਵੀ ਕਦੇ ਮਨੁੱਖਤਾ ਨੂੰ ਕੋਈ ਵੱਡੀ ਚੁਣੌਤੀ ਮਿਲੀ ਹੈ ਤਾਂ ਵਿਗਿਆਨ ਨੇ ਭਵਿੱਖ ਲਈ ਰਾਹ ਦਿਖਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਸਾਲ ਵਿਚ ਹੀ ਵੈਕਸੀਨ ਬਣਾ ਕੇ ਦੇਸ਼ ਵਾਸੀਆਂ ਨੂੰ ਉਪਲੱਬਧ ਕਰਵਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ‘ਕੋਵੈਕਸੀਨ’ ਨਾਂ ਦਾ ਟੀਕਾ ਕੋਵਿਡ ਤੋਂ ਬਚਾਅ ਲਈ ਵਿਕਸਿਤ ਕੀਤਾ ਹੈ। -ਪੀਟੀਆਈ