ਰਾਏਪੁਰ, 27 ਅਗਸਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਐੱਨਆਈਏ ਵਰਗੀਆਂ ਜਾਂਚ ਏਜੰਸੀਆਂ ਤੇ ਅਤਿਵਾਦ ਰੋਕੂ ਕਾਨੂੰਨਾਂ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਤਾਂ ਜੋ ਅਤਿਵਾਦ ਖ਼ਿਲਾਫ਼ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈ ਜਾ ਸਕੀ। ਉਨ੍ਹਾਂ ਕਿਹਾ ਕਿ ਮਈ 2024 ਤੱਕ ਹਰ ਰਾਜ ਵਿੱਚ ਕੌਮੀ ਜਾਂਚ ਏਜੰਸੀ ਦੀਆਂ ਬ੍ਰਾਂਚਾਂ ਹੋਣਗੀਆਂ।
ਨਵਾ ਰਾਏਪੁਰ ਦੇ ਅਟਲ ਨਗਰ ਇਲਾਕੇ ’ਚ ਐੱਨਆਈਏ ਦੀ ਰਾਏਪੁਰ ਬ੍ਰਾਂਚ ਦੇ ਦਫ਼ਤਰ ਦਾ ਉਦਘਾਟਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ, ‘ਮੋਦੀ ਸਰਕਾਰ ਨੇ ਖੱਬੇਪੱਖੀ ਕੱਟੜਵਾਦ, ਅਤਿਵਾਦ ਅਤੇ ਫਰਜ਼ੀ ਕਰੰਸੀ ਤੇ ਨਸ਼ਿਆਂ ਵਰਗੇ ਹੋਰ ਅਪਰਾਧਾਂ ਨਾਲ ਨਜਿੱਠਣ ਲਈ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈ ਹੈ ਅਤੇ ਇਸ ਲਈ ਅਸੀਂ ਐੱਨਆਈਏ ਨੂੰ ਮਜ਼ਬੂਤ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੇ।’ ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਅਤਿਵਾਦ ਰੋਕੂ ਕਾਨੂੰਨਾਂ ਨੂੰ ਵੀ ਮਜ਼ਬੂਤ ਕਰ ਰਹੀ ਹੈ ਤੇ ਅਤਿਵਾਦ ਨਾਲ ਸਬੰਧਤ ਜਾਣਕਾਰੀਆਂ ਸੂਬਾ ਸਰਕਾਰਾਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, ‘ਮੈਨੂੰ ਇਹ ਦਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਐੱਨਆਈਏ ਵੱਲੋਂ ਆਪਣੇ ਹੱਥ ’ਚ ਲਏ ਕੇਸਾਂ ’ਚ ਦੋਸ਼ ਸਿੱਧ ਹੋਣ ਦੀ ਦਰ ਵੱਧ ਕੇ 94 ਫੀਸਦ ਹੋ ਗਈ ਹੈ ਜੋ ਕਿ 2014 ’ਚ 75 ਫੀਸਦ ਰਹਿ ਗਈ ਸੀ।’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ’ਚ ਕਸ਼ਮੀਰ ਨੂੰ ਅਤਿਵਾਦ ਮੁਕਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। -ਪੀਟੀਆਈ