ਪੁਣੇ, 6 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਜਦੋਂ ਮੁਲਕ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ ਤਾਂ ਉਹ ‘ਵਿਦੇਸ਼ੀ ਵਸਤਾਂ ਦੀ ਗੁਲਾਮੀ’ ਤੋਂ ਖਹਿੜਾ ਛੁਡਵਾ ਲੈਣ। ਜੈਨ ਇੰਟਰਨੈਸ਼ਨਲ ਟਰੇਡ ਆਰਗੇਨਾਈਜ਼ੇਸ਼ਨ ਦੀ ‘ਜੀਤੋ ਕੁਨੈਕਟ 2022’ ਕਾਰੋਬਾਰੀ ਬੈਠਕ ਦਾ ਵੀਡੀਓ ਲਿੰਕ ਰਾਹੀਂ ਉਦਘਾਟਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ‘ਵੋਕਲ ਫਾਰ ਲੋਕਲ’ ਮੰਤਰ ’ਤੇ ਜ਼ੋਰ ਦਿੰਦਿਆਂ ਵਿਦੇਸ਼ੀ ਵਸਤਾਂ ਦੀ ਵਰਤੋਂ ਘਟਾਈ ਜਾਵੇ।
ਉਨ੍ਹਾਂ ਜੀਤੋ ਨੂੰ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਸਮਾਗਮਾਂ ਦੌਰਾਨ ‘ਵੋਕਲ ਫਾਰ ਲੋਕਲ’ ਦੇ ਮੰਤਰ ’ਤੇ ਧਿਆਨ ਕੇਂਦਰਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਵਿਦੇਸ਼ੀ ਵਸਤਾਂ ’ਤੇ ਨਿਰਭਰਤਾ ਘਟਾਉਣੀ ਪਵੇਗੀ। ‘ਬਰਾਮਦ ਲਈ ਹੋਰ ਥਾਵਾਂ ਲੱਭੋ ਅਤੇ ਉਸੇ ਉਤਪਾਦ ਦੀ ਸਥਾਨਕ ਬਾਜ਼ਾਰਾਂ ’ਚ ਜਾਗਰੂਕਤਾ ਪੈਦਾ ਕੀਤੀ ਜਾਵੇ। ਉਤਪਾਦ ਨੁਕਸ ਰਹਿਤ ਹੋਣ ਅਤੇ ਵਾਤਾਵਰਨ ’ਤੇ ਉਨ੍ਹਾਂ ਦਾ ਕੋਈ ਅਸਰ ਨਾ ਪਵੇ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਲਕ ਵੱਲੋਂ ਹੁਨਰ, ਵਪਾਰ ਅਤੇ ਤਕਨਾਲੋਜੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜਿਸ ਕਾਰਨ ਦੇਸ਼ ’ਚ ਰੋਜ਼ਾਨਾ ਦਰਜਨਾਂ ਸਟਾਰਟ-ਅੱਪਜ਼ ਬਣ ਰਹੇ ਹਨ। ਜੀਤੋ ਦੇ ਨੌਜਵਾਨ ਮੈਂਬਰਾਂ ਨੂੰ ਵਧੀਆ ਉੱਦਮੀ ਕਰਾਰ ਦਿੰਦਿਆਂ ਸ੍ਰੀ ਮੋਦੀ ਨੇ ਉਨ੍ਹਾਂ ਨੂੰ ਕੁਦਰਤੀ ਖੇਤੀ ’ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਜੀਤੋ ਦੇ ਨੁਮਾਇੰਦਿਆਂ ਨੂੰ ਸਰਕਾਰ ਦੇ ਜੀਈਐੱਮ ਪੋਰਟਲ ਦਾ ਅਧਿਐਨ ਕਰਨ ਲਈ ਕਿਹਾ ਜਿਸ ’ਤੇ ਸਾਮਾਨ ਵੇਚਣ ਵਾਲੇ 40 ਲੱਖ ਲੋਕ ਰਜਿਸਟਰਡ ਹਨ। -ਪੀਟੀਆਈ