ਸ਼ਿਲਾਂਗ, 18 ਅਗਸਤ
ਭਾਜਪਾ ਦੀ ਹਮਾਇਤ ਪ੍ਰਾਪਤ ਮੇਘਾਲਿਆ ਲੋਕਤੰਤਰਿਕ ਗੱਠਜੋੜ ਦੀ ਸਰਕਾਰ ਨੇ ਰਾਜ ਵਿਚ 2018 ਵਿਚ ਸੱਤਾ ਵਿਚ ਆਉਣ ਤੋਂ ਬਾਅਦ 600 ਘੰਟੇ ਮੋਬਾਈਲ ਇੰਟਰਨੈੱਟ ਬੰਦ ਰੱਖਿਆ ਹੈ। ਇਹ ਦਾਅਵਾ ਇਕ ਖੇਤਰੀ ਸਿਆਸੀ ਦਲ ਦੇ ਮੁਖੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਉੱਤਰ-ਪੂਰਬੀ ਰਾਜਾਂ ਵਿਚ ਪੰਜ ਵਾਰ ਇੰਟਰਨੈੱਟ ਸੇਵਾਵਾਂ ਬੰਦ ਰਹੀਆਂ। ‘ਨਿਊ ਡਾਅਨ’ ਦੇ ਕਨਵੀਨਰ ਤੇ ਮੁਖੀ ਅਵਨੇਰ ਪਾਰਿਆਤ ਨੇ ਦੱਸਿਆ ਕਿ 2018 ਤੋਂ ਹੁਣ ਤੱਕ ਕੁੱਲ 603 ਘੰਟੇ ਮੋਬਾਈਲ ਇੰਟਰਨੈੱਟ ਬੰਦ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਸਮੇਂ ਤੱਕ ਜੂਨ 2018 ਵਿਚ ਲਿਊਡੂਹ ਖੇਤਰ ਵਿਚ ਦੋ ਸਮੂਹਾਂ ਵਿਚਾਲੇ ਸੰਘਰਸ਼ ਤੋਂ ਬਾਅਦ ਇੰਟਰਨੈੱਟ ਬੰਦ ਰੱਖਿਆ ਗਿਆ। ਕਈ ਹਫ਼ਤੇ ਤੱਕ ਰਾਜ ਦੀ ਰਾਜਧਾਨੀ ਵਿਚ ਕਰਫਿਊ ਲਾਏ ਜਾਣ ਤੋਂ ਬਾਅਦ 312 ਘੰਟੇ ਤੱਕ ਇੰਟਰਨੈੱਟ ਬੰਦ ਰਿਹਾ। ਰਾਜ ਸਰਕਾਰ ਨੇ ਗਲਤ ਸੂਚਨਾਵਾਂ ਦੇ ਪ੍ਰਸਾਰ ਦੇ ਖ਼ਦਸ਼ੇ ਕਾਰਨ ਮੋਬਾਈਲ ਇੰਟਰਨੈੱਟ ਬੰਦ ਰੱਖਣ ਨੂੰ ਸਹੀ ਠਹਿਰਾਇਆ ਸੀ। ਗ੍ਰਹਿ ਵਿਭਾਗ ਦੇ ਇਕ ਅਧਿਕਾਰੀ ਅਨੁਸਾਰ ਇੰਟਰਨੈੱਟ ਬੰਦ ਰੱਖਣ ਦਾ ਮੰਤਵ ਅਨੈਤਿਕ ਇਸਤੇਮਾਲ ਰੋਕਣਾ ਹੈ। ਪਾਰਿਆਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਦਮਾਂ ਦਾ ਮੰਤਵ ਵਿਚਾਰਾਂ ਦੇ ਪ੍ਰਗਟਾਵੇ ਨੂੰ ਰੋਕਣਾ ਹੈ। -ਪੀਟੀਆਈ