ਨਵੀਂ ਦਿੱਲੀ, 17 ਅਪਰੈਲ
ਭਾਜਪਾ ਆਗੂ ਤੇ ਸਾਬਕਾ ਥਲ ਸੈਨਾ ਮੁਖੀ ਜਨਰਲ ਜੇ.ਜੇ.ਸਿੰਘ ਨੇ ਬਰਤਾਨਵੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨਾਲ ਕੀਤੀ ਮੁਲਾਕਾਤ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਲੋਚਨਾ ਕੀਤੀ ਹੈ। ਸਿੰਘ ਨੇ ਕਿਹਾ ਕਿ ‘ਆਪ’ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਬਰਤਾਨਵੀ ਸੰਸਦ ਮੈਂਬਰ ਦੇ ‘ਵੱਖਵਾਦੀਆਂ ਪੱਖੀ ਤੇ ਭਾਰਤ ਵਿਰੋਧੀ’ ਨਜ਼ਰੀਏ ਦੀ ਤਾਈਦ ਕਰਦੀ ਹੈ। ਲੇਬਰ ਪਾਰਟੀ ਦੇ ਸੰਸਦ ਮੈਂਬਰ ਢੇਸੀ ਨੇ ਪਿਛਲੇ ਹਫਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨਾਲ ਮੁਲਾਕਾਤ ਕੀਤੀ ਸੀ ਤੇ ਇਸ ਦੌਰਾਨ ਕਾਲੀ ਸੂਚੀ ਵਿੱਚ ਸ਼ਾਮਲ ਸਿੱਖਾਂ ਸਮੇਤ ਹੋਰ ਕਈ ਮੁੱਦਿਆਂ ’ਤੇ ਚਰਚਾ ਹੋਣ ਦੀਆਂ ਰਿਪੋਰਟਾਂ ਸਨ। ਸਿੰਘ ਨੇ ਕਿਹਾ, ‘‘ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਅੱਗੇ ਵੱਧ ਕੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਜਿਨ੍ਹਾਂ ਦੇ ਵਿਚਾਰ ਵੱਖਵਾਦੀਆਂ ਪੱਖੀ ਤੇ ਭਾਰਤ ਵਿਰੋਧੀ ਹਨ, ਨੂੰ ਜੀ ਆਇਆਂ ਕਹਿਣਾ ਬਹੁਤ ਮੰਦਭਾਗਾ ਹੈ। ‘ਆਪ’ ਨੂੰ ਸਪਸ਼ਟੀਕਰਨ ਦੇਣਾ ਬਣਦਾ ਹੈ ਕਿ ਕੀ ਉਹ ਢੇਸੀ ਦੇ ਕਸ਼ਮੀਰ ਅਤੇ ਹੋਰਨਾਂ ਮੁੱਦਿਆਂ ’ਤੇ ਭਾਰਤ ਵਿਰੋਧੀ ਨਜ਼ਰੀਏ ਦੀ ਹਮਾਇਤ ਕਰਦੀ ਹੈ ਜਾਂ ਨਹੀਂ।’’ ਭਾਜਪਾ ਆਗੂ ਨੇ ਕਿਹਾ ਕਿ ਮਾਨ ਨੂੰ ਦੱਸਣਾ ਚਾਹੀਦਾ ਹੈ ਕਿ ਢੇਸੀ ਨਾਲ ਮੀਟਿੰਗ ਦੌਰਾਨ ਕਿਨ੍ਹਾਂ ਮੁੱਦਿਆਂ ’ਤੇ ਗੱਲਬਾਤ ਹੋਈ ਤੇ ਪੰਜਾਬ ਦੀ ‘ਆਪ’ ਸਰਕਾਰ ਨੇ ਉਨ੍ਹਾਂ ਨਾਲ ਕੀ ਵਾਅਦੇ ਕੀਤੇ ਹਨ। ਦੱਸ ਦੇਈਏ ਕਿ ਢੇਸੀ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਮਨਸੂਖ਼ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਦੀ ਨੁਕਤਾਚੀਨੀ ਕੀਤੀ ਸੀ। -ਪੀਟੀਆਈ