ਮੁੰਬਈ, 17 ਜਨਵਰੀ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਕਰਨਾਟਕ ’ਚ ਮਰਾਠੀ ਬੋਲਣ ਵਾਲੇ ਇਲਾਕਿਆਂ ਨੂੰ ਸੂਬੇ ’ਚ ਸ਼ਾਮਲ ਕਰਨ ਪ੍ਰਤੀ ਵਚਨਬੱਧ ਹੈ। ਮੁੱਖ ਮੰਤਰੀ ਦਫ਼ਤਰ ਨੇ ਟਵੀਟ ਕਰਕੇ ਕਿਹਾ ਕਿ ਮਰਾਠੀ ਬੋਲਦੇ ਇਲਾਕਿਆਂ ਨੂੰ ਮਹਾਰਾਸ਼ਟਰ ’ਚ ਸ਼ਾਮਲ ਕਰਨ ਦੇ ਅੰਦੋਲਨ ਦੌਰਾਨ ਸ਼ਹੀਦ ਹੋਏ ਵਿਅਕਤੀਆਂ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ। ਮਹਾਰਾਸ਼ਟਰ ਬੇਲਗਾਮ ਅਤੇ ਕੁਝ ਹੋਰ ਇਲਾਕਿਆਂ ’ਤੇ ਭਾਸ਼ਾ ਦੇ ਆਧਾਰ ’ਤੇ ਹੱਕ ਜਤਾ ਰਿਹਾ ਹੈ ਜੋ ਪਹਿਲਾਂ ਬੰਬੇ ਪ੍ਰੈਜ਼ੀਡੈਂਸੀ ਦਾ ਹਿੱਸਾ ਸਨ ਪਰ ਹੁਣ ਇਹ ਕਰਨਾਟਕ ’ਚ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ਲਈ ਸੰਘਰਸ਼ ਕਰ ਰਹੀ ਮਹਾਰਾਸ਼ਟਰ ਏਕੀਕਰਨ ਸਮਿਤੀ ਵੱਲੋਂ ਹਰ ਵਰ੍ਹੇ 17 ਜਨਵਰੀ ਨੂੰ ‘ਸ਼ਹੀਦੀ ਦਿਵਸ’ ਮਨਾਇਆ ਜਾਂਦਾ ਹੈ ਜਦੋਂ ਮਰਾਠੀ ਇਲਾਕਿਆਂ ਲਈ 1956 ’ਚ ਉਨ੍ਹਾਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਬੇਲਗਾਮ ਅਤੇ ਹੋਰ ਸਰਹੱਦੀ ਇਲਾਕਿਆਂ ਨੂੰ ਲੈ ਕੇ ਦੋਵੇਂ ਸੂਬਿਆਂ ਵਿਚਕਾਰ ਵਿਵਾਦ ਕਈ ਸਾਲਾਂ ਤੋਂ ਸੁਪਰੀਮ ਕੋਰਟ ’ਚ ਬਕਾਇਆ ਪਿਆ ਹੈ। ਠਾਕਰੇ ਨੇ ਸਰਹੱਦੀ ਵਿਵਾਦ ਨਾਲ ਸਬੰਧਤ ਕੇਸ ਨੂੰ ਦੇਖਣ ਲਈ ਪਿਛਲੇ ਸਾਲ ਮੰਤਰੀਆਂ ਏਕਨਾਥ ਸ਼ਿੰਦੇ ਅਤੇ ਛਗਨ ਭੁਜਬਲ ਨੂੰ ਤਾਇਨਾਤ ਕੀਤਾ ਸੀ। -ਪੀਟੀਆਈ
ਔਰੰਗਾਬਾਦ ਦਾ ਨਾਂ ਬਦਲਣ ਨੂੰ ਲੈ ਕੇ ਸ਼ਿਵ ਸੈਨਾ ਤੇ ਕਾਂਗਰਸ ਖਹਬਿੜੀਆਂ
ਮੁੰਬਈ: ਔਰੰਗਾਬਾਦ ਸ਼ਹਿਰ ਦਾ ਨਾਂ ਬਦਲਣ ਨੂੰ ਲੈ ਕੇ ਮਹਾਰਾਸ਼ਟਰ ’ਚ ਹਾਕਮ ਧਿਰ ਮਹਾ ਵਿਕਾਸ ਅਘਾੜੀ (ਐੱਮਵੀਏ) ਸਰਕਾਰ ’ਚ ਸ਼ਾਮਲ ਸ਼ਿਵ ਸੈਨਾ ਤੇ ਕਾਂਗਰਸ ਵਿਚਾਲੇ ਤਿੱਖੀ ਬਹਿਸ ਹੋਈ। ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਜੇਕਰ ਕਿਸੇ ਨੂੰ ਜ਼ਾਲਮ ਤੇ ਕੱਟੜ ਧਰਮੀ ਮੁਗਲ ਸ਼ਾਸਕ ਔਰੰਗਜ਼ੇਬ ਚੰਗਾ ਲੱਗਦਾ ਹੈ ਤਾਂ ਇਸ ਨੂੰ ਧਰਮ ਨਿਰਪੱਖਤਾ ਨਹੀਂ ਕਿਹਾ ਜਾ ਸਕਦਾ। ਇਸ ਦਾ ਜਵਾਬ ਦਿੰਦਿਆਂ ਕਾਂਗਰਸ ਨੇ ਸ਼ਿਵ ਸੈਨਾ ਤੇ ਵਿਰੋਧੀ ਧਿਰ ਭਾਜਪਾ ’ਤੇ ਨਾਂ ਬਦਲਣ ਦੀ ਸਿਆਸਤ ਕਰਨ ਦਾ ਦੋਸ਼ ਲਾਇਆ ਤੇ ਪੁੱਛਿਆ ਕਿ ਪਿਛਲੇ ਪੰਜ ਸਾਲ ਮਹਾਰਾਸ਼ਟਰ ’ਚ ਸੱਤਾ ’ਚ ਰਹਿਣ ਦੌਰਾਨ ਉਨ੍ਹਾਂ ਨੂੰ ਇਹ ਮੁੱਦਾ ਚੇਤਾ ਕਿਉਂ ਨਹੀਂ ਆਇਆ। -ਪੀਟੀਆਈ