ਨਵੀਂ ਦਿੱਲੀ, 15 ਜੁਲਾਈ
ਮੁੱਖ ਅੰਸ਼
- ਹਵਾਈ ਅੱਡੇ ’ਤੇ ਮੁਸਾਫ਼ਰਾਂ ਦੀ ਗਿਣਤੀ ਰੋਜ਼ਾਨਾ ਇਕ ਲੱਖ ਤੱਕ ਸੀਮਤ ਕੀਤੀ
- ਸਟਾਫ਼ ਦੀ ਕਮੀ ਕਾਰਨ ਲਿਆ ਫੈਸਲਾ
ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਮੁਸਾਫ਼ਰਾਂ ਦੀ ਗਿਣਤੀ ਰੋਜ਼ਾਨਾ ਇਕ ਲੱਖ ਤੱਕ ਸੀਮਤ ਕਰਨ ਦੇ ਫੈਸਲੇ ਮਗਰੋਂ ਵਰਜਿਨ ਐਟਲਾਂਟਿਕ ਨੇ ਵੀਰਵਾਰ ਲਈ ਤਜਵੀਜ਼ਤ ਦਿੱਲੀ-ਲੰਡਨ ਉਡਾਣ ਰੱਦ ਕਰ ਦਿੱਤੀ ਜਦੋਂਕਿ ਕੁਝ ਹੋਰਨਾਂ ਏਅਰਲਾਈਨਾਂ ਨੇ ਗਰਮੀਆਂ ਦੇ ਆਪਣੇ ਸ਼ਡਿਊਲ ਵਿਚੋਂ ਭਾਰਤ-ਲੰਡਨ ਉਡਾਣਾਂ ਨੂੰ ਵਾਪਸ ਲੈ ਲਿਆ ਹੈ। ਸਟਾਫ ਦੀ ਕਮੀ ਨਾਲ ਜੂਝ ਰਹੇ ਹੀਥਰੋ ਹਵਾਈ ਅੱਡੇ ਵੱਲੋਂ ਮੁਸਾਫ਼ਰਾਂ ਦੀ ਗਿਣਤੀ ਸੀਮਤ ਕਰਨ ਨਾਲ ਜੁੜਿਆ ਫੈਸਲਾ 12 ਜੁਲਾਈ ਨੂੰ ਲਾਗੂ ਕੀਤਾ ਗਿਆ ਸੀ ਤੇ ਇਹ 11 ਸਤੰਬਰ ਤੱਕ ਅਮਲ ਵਿੱਚ ਰਹੇਗਾ।
ਭਾਰਤ ਤੇ ਹੀਥਰੋ ਹਵਾਈ ਅੱਡੇ ਦਰਮਿਆਨ ਹਫ਼ਤੇ ਵਿੱਚ 102 ਉਡਾਣਾਂ ਚੱਲਦੀਆਂ ਹਨ। ਇਨ੍ਹਾਂ ਵਿੱਚੋਂ ਬ੍ਰਿਟਿਸ਼ ਏਅਰਵੇਜ਼ ਦੀਆਂ 41, ਵਰਜਿਨ ਐਟਲਾਂਟਿਕ 21, ਏਅਰ ਇੰਡੀਆ 33 ਅਤੇ ਵਿਸਤਾਰਾ ਦੀਆਂ 7 ਉਡਾਣਾਂ ਹਨ। ਲੰਡਨ ਦਾ ਹੀਥਰੋ ਹਵਾਈ ਅੱਡਾ ਵਿਸ਼ਵ ਦੇ ਸਭ ਤੋਂ ਵੱਧ ਰੁਝੇਵੇਂ ਵਾਲੇ ਹਵਾਈ ਅੱਡਿਆਂ ’ਚੋਂ ਇਕ ਹੈ। ਵਰਜਿਨ ਐਟਲਾਂਟਿਕ ਨੇ ਇਕ ਬਿਆਨ ਵਿੱਚ ਕਿਹਾ, ‘‘ਹੀਥਰੋ ਹਵਾਈ ਅੱਡੇ ਵੱਲੋਂ ਵੀਰਵਾਰ 14 ਜੁਲਾਈ ਤੋਂ ਸਾਰੀਆਂ ਏਅਰਲਾਈਨਾਂ ’ਤੇ ਉਡਾਣ ਦੀ ਸਮਰੱਥਾ ਨੂੰ ਲੈ ਕੇ ਲਾਈਆਂ ਲਾਜ਼ਮੀ ਪਾਬੰਦੀਆਂ ਕਰਕੇ, ਸਾਨੂੰ ਬੜੇ ਅਫਸੋਸ ਨਾਲ ਲੰਡਨ (ਹੀਥਰੋ) ਤੋਂ ਨਿਊ ਯਾਰਕ (ਜੇਐੱਫਕੇ) ਰਿਟਰਨ ਸੇਵਾਵਾਂ ਉਡਾਣ ਨੰਬਰ ਵੀਐੱਸ 45 ਤੇ ਵੀਐੱਸ4 ਅਤੇ ਇਥੋਂ ਦਿੱਲੀ ਲਈ ਉਡਣ ਵਾਲੀ ਉਡਾਣ ਵੀਐੱਸ302 ਨੂੰ ਰੱਦ ਕਰਨਾ ਪਿਆ ਹੈ।’’ ਏਅਰਲਾਈਨ ਨੇ ਬਿਆਨ ਵਿੱਚ ਕਿਹਾ ਕਿ ਇਸ ਫੈਸਲੇ ਕਰਕੇ ਅਸਰਅੰਦਾਜ਼ ਹੋਣ ਵਾਲੇ ਮੁਸਾਫ਼ਰ ਉਸੇ ਦਿਨ ਬਦਲਵੀਆਂ ਉਡਾਣਾਂ ਰਾਹੀਂ ਆਪਣੀ ਟਿਕਟ ਮੁੜ ਬੁੱਕ ਕਰ ਸਕਦੇ ਹਨ, ਜਾਂ ਫਿਰ ਰਿਫੰਡ ਲਈ ਅਰਜ਼ੀ ਦੇ ਸਕਦੇ ਹਨ। ਉਧਰ ਬ੍ਰਿਟਿਸ਼ ਏਅਰਵੇਜ਼ ਨੇ ਇਸ ਫੈਸਲੇ ਨੂੰ ਗਾਹਕਾਂ ਲਈ ਨਿਰਾਸ਼ਾਜਨਕ ਦੱਸਿਆ ਹੈ। -ਪੀਟੀਆਈ