ਨਵੀਂ ਦਿੱਲੀ, 24 ਫਰਵਰੀ
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਤਿੰਨ ਭਗੌੜੇ ਅਪਰਾਧੀਆਂ ਵਿਜੈ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਵੱਲੋਂ ਕੀਤੇ ਗਏ 22,500 ਕਰੋੜ ਤੋਂ ਵੱਧ ਦੇ ‘ਕੁੱਲ ਘਪਲੇ’ ਖ਼ਿਲਾਫ਼ ਸਮੇਂ-ਸਮੇਂ ’ਤੇ ਜਾਇਦਾਦ ਅਟੈਚ ਕਰਨ ਦੀ ਕਾਰਵਾਈ ਤਹਿਤ ਹੁਣ ਤੱਕ 19,000 ਕਰੋੜ ਰੁਪਏ ਤੋਂ ਵੱਧ ਅਸਾਸੇ ਜ਼ਬਤ ਕੀਤੇ ਜਾ ਚੁੱਕੇ ਹਨ।
ਇਹ ਅੰਕੜੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਸਰਵਉੱਚ ਅਦਾਲਤ ਵਿੱਚ ਕਾਲਾ ਧਨ ਰੋਕੂ ਕਾਨੂੰਨ ਦੀਆਂ ਕੁਝ ਧਾਰਾਵਾਂ ਦੀ ਵੈਧਤਾ ਸਬੰਧੀ ਪਟੀਸ਼ਨਾਂ ’ਤੇ ਸੁਣਵਾਈ ਦੌਰਾਨ ਦਾਇਰ ਹਲਫ਼ਨਾਮੇ ਵਿੱਚ ਦਿੱਤੇ ਗਏ ਹਨ। ਕੇਂਦਰ ਵੱਲੋਂ ਪੇਸ਼ ਹੋਏ ਮਹਿਤਾ ਨੇ ਮਾਮਲੇ ਸਬੰਧੀ ਅੱਜ ਦਾਖਲ ਹਲਫ਼ਨਾਮੇ ਵਿੱਚ ਜਸਟਿਸ ਏ.ਐੱਮ. ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਨੂੰ ਉਕਤ ਤਿੰਨੋਂ ਵਿਅਕਤੀਆਂ ਦੇ 18,000 ਹਜ਼ਾਰ ਕਰੋੜ ਦੇ ਅਸਾਸੇ ਅਟੈਚ ਕੀਤੇ ਜਾਣ ਦਾ ਹਵਾਲਾ ਵੀ ਦਿੱਤਾ। ਮਹਿਤਾ ਨੇ ਦਾਖਲ ਹਲਫ਼ਨਾਮੇ ਵਿੱਚ ਬੈਂਚ ਨੂੰ ਦੱਸਿਆ, ‘‘ਤਿੰਨ ਭਗੌੜੇ ਅਪਰਾਧੀਆਂ ਵਿਜੈ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਵੱਲੋ ਕੀਤੇ ਗਈ ਕੁੱਲ 22,585.83 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਸਮੇਂ-ਸਮੇਂ ’ਤੇ ਕੀਤੀ ਗਈ ਜ਼ਬਤੀ ਦੀ ਕਾਰਵਾਈ ਦੌਰਾਨ 19,111.20 ਕਰੋੜ ਰੁਪਏ ਮੁੱਲ ਦੇ ਅਸਾਸੇ ਜ਼ਬਤ ਕੀਤੇ ਗਏ ਹਨ।’’ ਇਸ ਵਿੱਚ ਇਹ ਵੀ ਦੱਸਿਆ ਗਿਆ ਕਿ ਅਦਾਲਤੀ ਹੁਕਮਾਂ ਰਾਹੀਂ ਤਿੰਨੋਂ ਜਣਿਆਂ ਦੀ ਜਾਇਦਾਦ ਅਟੈਚ ਪ੍ਰਕਿਰਿਆ ਦੌਰਾਨ 15,113.91 ਕਰੋੜ ਰੁਪਏ ਦੇ ਅਸਾਸੇ ਪੀਐੱਮਐੱਲਏ ਤਹਿਤ ਈਡੀ ਵੱਲੋੋਂ ਜਨਤਕ ਸੈਕਟਰ ਦੀਆਂ ਬੈਂਕਾਂ ਨੂੰ ਪਹਿਲਾਂ ਹੀ ਮੁੜਵਾਏ ਜਾ ਚੁੱਕੇ ਹਨ। -ਪੀਟੀਆਈ